ਪਹਿਲੀ ਛਿਮਾਹੀ ’ਚ ਵਨਸਪਤੀ ਤੇਲ ਦਾ ਇੰਪੋਰਟ 21 ਫੀਸਦੀ ਵਧਿਆ

05/13/2023 5:04:36 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ਦਾ ਵਨਸਤੀ ਤੇਲ ਇੰਪੋਰਟ ਚਾਲੂ ਤੇਲ ਸਾਲ ਦੀ ਪਹਿਲੀ ਛਿਮਾਹੀ ’ਚ 21 ਫੀਸਦੀ ਵਧ ਕੇ 81.10 ਲੱਖ ਟਨ ਹੋ ਗਿਆ। ਉਦਯੋਗ ਸੰਸਥਾ ਐੱਸ. ਈ. ਏ. ਨੇ ਕਿਹਾ ਕਿ ਰਿਫਾਈਂਡ ਪਾਮ ਤੇਲ ਦੀ ਆਮਦ ਵਧਣ ਕਾਰਣ ਇਹ ਵਾਧਾ ਹੋਇਆ ਜੋ ਚਿੰਤਾ ਦੀ ਗੱਲ ਹੈ। ਤੇਲ ਸਾਲ 2021-22 ਦੀ ਇਸੇ ਮਿਆਦ ’ਚ ਵਨਸਪਤੀ ਤੇਲ ਦਾ ਇੰਪੋਰਟ 67.07 ਲੱਖ ਟਨ ਸੀ। ਤੇਲ ਸਾਲ ਨਵੰਬਰ ਤੋਂ ਅਕਤੂਬਰ ਤੱਕ ਚਲਦਾ ਹੈ। ਭਾਰਤ ਦੁਨੀਆ ’ਚ ਵਨਸਪਤੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਹਾਲਾਂਕਿ ਜੇ ਮਾਰਚ 2023 ਨਾਲ ਤੁਲਨਾ ਕੀਤੀ ਜਾਵੇ ਤਾਂ ਅਪ੍ਰੈਲ ’ਚ ਵਨਸਪਤੀ ਤੇਲਾਂ ਦਾ ਇੰਪੋਰਟ 10 ਫੀਸਦੀ ਘੱਟ ਰਿਹਾ।

ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਮੁਤਾਬਕ ਮੌਜੂਦਾ ਤੇਲ ਸਾਲ ਦੇ ਪਹਿਲੇ 6 ਮਹੀਨਿਆਂ ’ਚ ਆਰ. ਬੀ. ਡੀ. ਪਾਮੋਲਿਨ ਦੇ ਇੰਪੋਰਟ ’ਚ 11.01 ਲੱਖ ਟਨ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕੁੱਲ ਪਾਮ ਤੇਲ ਇੰਪੋਰਟ ਦਾ ਲਗਭਗ 22 ਫੀਸਦੀ ਹੈ। ਇਸ ਕਾਰਣ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਐੱਸ. ਈ. ਏ. ਨੇ ਕਿਹਾ ਕਿ ਦੇਸ਼ ’ਚ ਪਾਮ ਤੇਲ ਰਿਫਾਈਨਿੰਗ ਉਦਯੋਗ ਆਰ. ਬੀ. ਡੀ. ਪਾਮੋਲਿਨ ਦੇ ਵਧੇਰੇ ਇੰਪੋਰਟ ਕਾਰਣ ਪੀੜਤ ਹੈ ਅਤੇ ਇਹ ਹੁਣ ਸਿਰਫ ਪੈਕਰਸ ਉਦਯੋਗ ’ਚ ਤਬਦੀਲ ਹੋ ਰਿਹਾ ਹੈ।

ਸੰਸਥਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਲਈ ਕੱਚੇ ਪਾਮ ਤੇਲ (ਸੀ. ਪੀ. ਓ.) ਅਤੇ ਰਿਫਾਈਂਡ ਪਾਮ ਤੇਲ ਦਰਮਿਆਨ ਫੀਸ ਅੰਤਰ ਨੂੰ ਮੌਜੂਦਾ 7.5 ਫੀਸਦੀ ਤੋਂ ਵਧਾ ਕੇ ਘੱਟ ਤੋਂ ਘੱਟ 15 ਫੀਸਦੀ ਕਰਨਾ ਚਾਹਦਾ ਹੈ। ਇਸ ਤੋਂ ਇਲਾਵਾ ਆਰ. ਬੀ. ਡੀ. ਪਾਮੋਲਿਨ ’ਤੇ ਵਾਧੂ 7.5 ਫੀਸਦੀ ਖੇਤੀ ਸੈੱਸ ਲਾਉਣਾ ਚਾਹੀਦਾ ਹੈ।


Harinder Kaur

Content Editor

Related News