ਅਮਰੀਕੀ ਧਮਕੀ ਦਾ ਅਸਰ : ਭਾਰਤ ਨੂੰ ਜ਼ਿਆਦਾ ਤੇਲ ਦੇਵੇਗਾ ਸਾਊਦੀ

Wednesday, Oct 10, 2018 - 08:03 PM (IST)

ਅਮਰੀਕੀ ਧਮਕੀ ਦਾ ਅਸਰ : ਭਾਰਤ ਨੂੰ ਜ਼ਿਆਦਾ ਤੇਲ ਦੇਵੇਗਾ ਸਾਊਦੀ

ਸਿੰਗਾਪੁਰ/ਨਵੀਂ ਦਿੱਲੀ— ਤੇਲ ਉਤਪਾਦਨ ਵਧਾਉਣ ਨੂੰ ਲੈ ਕੇ ਪਿਛਲੇ ਹਫਤੇ ਅਮਰੀਕਾ ਵੱਲੋਂ ਸਾਊਦੀ ਅਰਬ ਨੂੰ ਦਿੱਤੀ ਗਈ ਧਮਕੀ ਦਾ ਅਸਰ ਹੁੰਦਾ ਦਿਸ ਰਿਹਾ ਹੈ। ਦੁਨੀਆ ਦਾ ਸੱਭ ਤੋਂ ਵੱਡਾ ਤੇਲ ਬਰਾਮਦਕਾਰ ਦੇਸ਼ ਸਾਊਦੀ ਅਰਬ ਭਾਰਤ ਨੂੰ ਨਵੰਬਰ 'ਚ 40 ਲੱਖ ਬੈਰਲ ਜ਼ਿਆਦਾ ਤੇਲ ਦੀ ਸਪਲਾਈ ਕਰੇਗਾ । ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ।
ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਸਾਊਦੀ ਅਰਬ ਦੇ ਸ਼ਾਹ ਅਮਰੀਕੀ ਫੌਜੀ ਸਹਿਯੋਗ ਦੇ ਬਿਨਾਂ 2 ਹਫਤੇ ਵੀ ਅਹੁਦੇ 'ਤੇ ਬਣੇ ਨਹੀਂ ਰਹਿ ਸਕਦੇ । ਇਹ ਕਹਿ ਕੇ ਟਰੰਪ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਪੱਛਮੀ ਏਸ਼ੀਆ 'ਚ ਅਮਰੀਕਾ ਦੇ ਸੱਭ ਤੋਂ ਕਰੀਬੀ ਸਾਥੀਆਂ 'ਚੋਂ ਇਕ ਸਾਊਦੀ ਅਰਬ 'ਤੇ ਵੀ ਦਬਾਅ ਹੋਰ ਵਧਾ ਦਿੱਤਾ ਸੀ । ਤੇਲ ਦੀਆਂ ਕੀਮਤਾਂ ਸੱਭ ਤੋਂ ਉੱਚੇ ਪੱਧਰ 'ਤੇ ਪੁੱਜਣ 'ਚ ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਸਾਊਦੀ ਅਰਬ ਤੋਂ ਵਾਰ-ਵਾਰ ਇਸ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਸੀ । ਹਾਲਾਂਕਿ ਵਿਸ਼ਲੇਸ਼ਕਾਂ ਨੇ ਸਾਵਧਾਨ ਕੀਤਾ ਹੈ ਕਿ ਤੇਲ ਦੇ ਮੁੱਲ 100 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੇ ਹਨ ਕਿਉਂਕਿ ਵਿਸ਼ਵ ਦਾ ਉਤਪਾਦਨ ਪਹਿਲਾਂ ਤੋਂ ਹੀ ਵਧਿਆ ਹੋਇਆ ਹੈ ਅਤੇ ਈਰਾਨ ਦੇ ਤੇਲ ਉਦਯੋਗ 'ਤੇ ਟਰੰਪ ਦੀ ਰੋਕ ਨਵੰਬਰ ਦੀ ਸ਼ੁਰੂਆਤ ਤੋਂ ਲਾਗੂ ਹੋਵੇਗੀ।
ਭਾਰਤੀ ਕੰਪਨੀਆਂ ਕਰ ਰਹੀਆਂ ਵਾਧੂ 10 ਲੱਖ ਬੈਰਲ ਤੇਲ ਦੀ ਮੰਗ
ਭਾਰਤ ਈਰਾਨ ਦਾ ਦੂਜਾ ਸੱਭ ਤੋਂ ਵੱਡਾ ਤੇਲ ਖਰੀਦਦਾਰ ਹੈ । ਈਰਾਨ 'ਤੇ 4 ਨਵੰਬਰ ਤੋਂ ਅਮਰੀਕੀ ਰੋਕ ਲਾਗੂ ਹੋਣ ਵਾਲੀ ਹੈ । ਭਾਰਤ ਦੀਆਂ ਕਈ ਰਿਫਾਇਨਰੀਜ਼ ਨੇ ਸੰਕੇਤ ਦਿੱਤਾ ਹੈ ਕਿ ਉਹ ਅਮਰੀਕੀ ਰੋਕ ਕਾਰਨ ਈਰਾਨ ਤੋਂ ਤੇਲ ਦਰਾਮਦ ਨਹੀਂ ਕਰਨਗੀਆਂ । ਸੂਤਰਾਂ ਨੇ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਹਿੰਦੁਸਤਾਨ ਪੈਟਰੋਲੀਅਮ ਕਾਰਪ, ਭਾਰਤ ਪੈਟਰੋਲੀਅਮ ਅਤੇ ਮੇਂਗਲੋਰ ਰਿਫਾਇਨਰੀ ਪੈਟਰੋਕੈਮਿਕਲਸ ਲਿਮਟਿਡ ਵਰਗੀਆਂ ਕੰਪਨੀਆਂ ਸਾਊਦੀ ਅਰਬ ਤੋਂ ਨਵੰਬਰ 'ਚ ਵਾਧੂ 10 ਲੱਖ ਬੈਰਲ ਤੇਲ ਦੀ ਮੰਗ ਕਰ ਰਹੀਆਂ ਹਨ ।
ਭਾਰਤ ਨੂੰ ਤੇਲ ਖਰੀਦਣਾ ਪੈ ਰਿਹੈ ਮਹਿੰਗਾ
ਭਾਰਤ ਦੁਨੀਆ ਦਾ ਤੀਜਾ ਸੱਭ ਤੋਂ ਬਹੁਤ ਤੇਲ ਦਰਾਮਦਕਾਰ ਦੇਸ਼ ਹੈ । ਦੁਨੀਆ 'ਚ ਤੇਲ ਦੀ ਵੱਧਦੀ ਕੀਮਤ, ਭਾਰਤੀ ਰੁਪਏ 'ਚ ਗਿਰਾਵਟ ਅਤੇ ਤੇਲ ਦੇ ਮੁੱਲ ਦਾ ਭੁਗਤਾਨ ਡਾਲਰ 'ਚ ਹੋਣ ਨਾਲ ਭਾਰਤ ਨੂੰ ਤੇਲ ਖਰੀਦਣਾ ਮਹਿੰਗਾ ਪੈ ਰਿਹਾ ਹੈ । ਪਿਛਲੇ ਦਿਨ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਊਰਜਾ ਮੰਤਰੀ ਖਾਲਿਦ-ਅਲ-ਫਲਹ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਓਪੇਕ ਦੇਸ਼ਾਂ ਵੱਲੋਂ ਤੇਲ ਦੇ ਉਤਪਾਦਨ 'ਚ ਵਾਧੇ ਦਾ ਵਾਅਦਾ ਯਾਦ ਦਿਵਾਇਆ ਸੀ । ਭਾਰਤ ਸਾਊਦੀ ਅਰਬ ਤੋਂ ਔਸਤਨ ਹਰ ਮਹੀਨੇ ਕਰੀਬ 2.5 ਕਰੋੜ ਬੈਰਲ ਤੇਲ ਦੀ ਦਰਾਮਦ ਕਰਦਾ ਹੈ ।


Related News