ਕੋਵਿਡ ਵਰਗੇ ਸੰਕਟ ਦਾ ਮੁਕਾਬਲਾ ਕਰਨ ਲਈ ਸਿਹਤ ਪ੍ਰਣਾਲੀ ’ਚ ਸੁਧਾਰ, ਕੌਮਾਂਤਰੀ ਸਹਿਯੋਗ ਜ਼ਰੂਰੀ : ਗੋਪੀਨਾਥ
Thursday, Jan 28, 2021 - 04:37 PM (IST)
ਵਾਸ਼ਿੰਗਟਨ (ਭਾਸ਼ਾ)– ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਕਿ ਭਵਿੱਖ ’ਚ ਕੋਰੋਨਾ ਵਾਇਰਸ ਮਹਾਮਾਰੀ ਵਰਗੇ ਸੰਕਟ ਦਾ ਚੰਗੀ ਤਰ੍ਹਾਂ ਮੁਕਾਬਲਾ ਕਰਨ ਲਈ ਦੇਸ਼ਾਂ ਨੂੰ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਸਮਾਜ ਦੇ ਪ੍ਰਭਾਵਿਤ ਖੇਤਰਾਂ ’ਚ ਸਮੇਂ ਸਿਰ ਮਦਦ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਕੌਮਾਂਤਰੀ ਸਹਿਯੋਗ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ।
ਆਈ. ਐੱਮ. ਐੱਫ. ਦਾ ਅਨੁਮਾਨ ਹੈ ਕਿ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਉਭਰਦੇ ਹੋਏ 2021 ’ਚ ਕੌਮਾਂਤਰੀ ਅਰਥਵਿਵਸਥਾ 5.5 ਫੀਸਦੀ ਦੀ ਦਰ ਨਾਲ ਅਤੇ 2022 ’ਚ 5.5 ਫੀਸਦੀ ਦੀ ਦਰ ਨਾਲ ਵਧੇਗੀ। ਇਹ ਅੰਕੜੇ ਵੈਕਸੀਨ ਦੇ ਆਉਣ ਤੋਂ ਬਾਅਦ ਕਾਰੋਬਾਰੀ ਗਤੀਵਿਧੀਆਂ ’ਚ ਵਾਧੇ ਨੂੰ ਦਰਸਾਉਂਦੇ ਹਨ।
ਗੋਪੀਨਾਥ ਨੇ ਦੱਸਿਆ ਕਿ ਕੋਵਿਡ-19 ਸੰਕਟ ਤੋਂ ਤਿੰਨ ਮੁੱਖ ਸਬਕ ਸਿੱਖੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਦੇਸ਼ਾਂ ਨੂੰ ਅਜਿਹੇ ਕਿਸੇ ਵੀ ਸਿਹਤ ਸੰਕਟ ਲਈ ਆਪਣੀ ਸਿਹਤ ਪ੍ਰਣਾਲੀ ਨੂੰ ਤਿਆਰ ਕਰਨਾ ਚਾਹੀਦਾ ਹੈ। ਕਈ ਵਿਕਾਸਸ਼ੀਲ ਦੇਸ਼ ਹਨ, ਜਿਨ੍ਹਾਂ ਨੂੰ ਆਪਣੇ ਸਿਹਤ ਬੁਨਿਆਦੀ ਢਾਂਚੇ ’ਚ ਵਾਧੂ ਨਿਵੇਸ਼ ਦੀ ਲੋੜ ਹੈ। ਇਹ ਇਕ ਬਹੁਤ ਹੀ ਅਹਿਮ ਸਬਕ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਦੂਜਾ ਸਬਕ ਸੰਕਟ ਪੀੜਤ ਪਰਿਵਾਰਾਂ, ਕਾਰੋਬਾਰਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਦਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਸੁਧਾਰ ਦੀ ਸ਼ੁਰੂਆਤ ਹੋਈ ਤਾਂ ਇਹ ਮਜ਼ਬੂਤ ਤਾਂ ਹੀ ਹੋਵੇਗਾ ਜਦੋਂ ਸਭ ਤੋਂ ਵੱਧ ਸੰਕਟ ਪੀੜਤ ਲੋਕਾਂ ਤੋਂ ਇਸ ਨੂੰ ਸਮਰਥਨ ਮਿਲੇ, ਯਾਨੀ ਉਨ੍ਹਾਂ ਦੀ ਸਥਿਤੀ ’ਚ ਸੁਧਾਰ ਹੋਵੇ। ਉਨ੍ਹਾਂ ਨੇ ਕੌਮਾਂਤਰੀ ਸਹਿਯੋਗ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਿਹਤ ਸੰਕਟ ਨੂੰ ਖਤਮ ਕਰਨ ਲਈ ਜ਼ਰੂਰੀ ਟੀਕਾਕਰਣ ਅਤੇ ਇਲਾਜ ਵਿਸ਼ਵ ਪੱਧਰ ’ਤੇ ਉਪਲਬਧ ਹੋਵੇ ਕਿਉਂਕਿ ਇਸ ਤੋਂ ਬਿਨਾਂ ਅਸੀਂ ਸੰਕਟ ’ਚੋਂ ਨਹੀਂ ਨਿਕਲ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦਾ ਮਿਲ ਕੇ ਮੁਕਾਬਲਾ ਕਰਨ ਦੀ ਲੋੜ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।