IIHL ਨੇ NCLT ਦੇ ਹੁਕਮ ਦੀ ਪਾਲਣਾ ਨਹੀਂ ਕੀਤੀ : ਰਿਲਾਇੰਸ ਕੈਪੀਟਲ ਪ੍ਰਸ਼ਾਸਕ
Monday, Aug 05, 2024 - 05:14 PM (IST)

ਨਵੀਂ ਦਿੱਲੀ (ਭਾਸ਼ਾ) - ਕਰਜ਼ੇ ’ਚ ਡੁੱਬੀ ਰਿਲਾਇੰਸ ਕੈਪੀਟਲ (ਆਰਕੈਪ) ਦੇ ਪ੍ਰਸ਼ਾਸਕ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਇਕ ਹਲਫਨਾਮਾ ਦਰਜ ਕੀਤਾ ਹੈ। ਆਰਕੈਪ ਨੇ ਇਸ ’ਚ ਆਈ. ਆਈ. ਐੱਚ. ਐੱਲ. ’ਤੇ ਪਾਲਣਾ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਹਿੰਦੁਜਾ ਸਮੂਹ ਦੀ ਕੰਪਨੀ ਟ੍ਰਿਬਿਊਨਲ ਦੇ 23 ਜੁਲਾਈ ਦੇ ਹੁਕਮ ’ਚ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ।
ਪ੍ਰਸ਼ਾਸਕ ਨੇ ਆਪਣੇ ਹਲਫਨਾਮੇ ’ਚ ਐੱਨ. ਸੀ. ਐੱਲ. ਟੀ. ਨੂੰ ਸੂਚਿਤ ਕੀਤਾ ਕਿ ਭਾਰਤ ਅਤੇ ਵਿਦੇਸ਼ ’ਚ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਦੇ ਨਿਰਧਾਰਿਤ ਐਸਕ੍ਰੋ (ਕਿਸੇ ਤੀਜੇ ਪੱਖ ਦੇ) ਖਾਤਿਆਂ ’ਚ 2,750 ਕਰੋਡ਼ ਰੁਪਏ ਜਮ੍ਹਾ ਕਰਨ ਦੀ ਬਜਾਏ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਸ ਲਿਮਟਿਡ (ਆਈ. ਆਈ. ਐੱਚ. ਐੱਲ.) ਨੇ ਖੁਦ ਦੇ ਖਾਤਿਆਂ ਦੇ ਨਾਲ-ਨਾਲ ਪ੍ਰਮੋਟਰਾਂ ਦੇ ਖਾਤਿਆਂ ’ਚ ਵੀ ਪੈਸਾ ਜਮ੍ਹਾ ਕਰ ਦਿੱਤਾ ਹੈ। ਹਾਲਾਂਕਿ, ਆਈ. ਆਈ. ਐੱਚ. ਐੱਲ. ਨੇ ਇਕ ਵੱਖ ਹਲਫਨਾਮੇ ’ਚ ਕਿਹਾ ਸੀ ਕਿ ਉਸ ਦੇ ਕੋਲ ਧਨਰਾਸ਼ੀ ਹੈ ਅਤੇ ਐਸਕ੍ਰੋ ਖਾਤਾ ਖੁੱਲ੍ਹਣ ਤੋਂ ਬਾਅਦ ਉਸ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ, ਜਿਸ ਲਈ ਸ਼ਰਤਾਂ ਵੀ ਦੱਸੀਆਂ ਗਈਆਂ ਹਨ।
ਆਈ. ਆਈ. ਐੱਚ. ਐੱਲ. ਦੇ ਪ੍ਰਮੋਟਰ ਨੇ ਕਿਹਾ ਕਿ ਕਿਸੇ ਵੀ ਐਸਕ੍ਰੋ ਖਾਤੇ ਨੂੰ ਖੋਲ੍ਹਣ ਲਈ ਕੁੱਝ ਨਿਯਮ ਅਤੇ ਸ਼ਰਤਾਂ ਹੁੰਦੀਆਂ ਹਨ, ਜੋ ਦੋਪੱਖੀ ਰੂਪ ਨਾਲ ਦਸਤਖਤੀ ਸਮਝੌਤੇ ’ਤੇ ਆਧਾਰਿਤ ਹੁੰਦੀਆਂ ਹਨ। ਨਿਯਮ ਅਤੇ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ, ਟਰੱਸਟੀ ਉਸੇ ਅਨੁਸਾਰ ਫੈਸਲਾ ਕਰਦਾ ਹੈ।
ਸੂਤਰਾਂ ਅਨੁਸਾਰ, ਸੀ. ਓ. ਸੀ. ਅਤੇ ਪ੍ਰਸ਼ਾਸਕ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਆਈ. ਆਈ. ਐੱਚ. ਐੱਲ. ਨੇ ਇਕਪਾਸੜ ਖੋਲ੍ਹੇ ਐਸਕ੍ਰੋ ਖਾਤੇ ’ਚ ਧਨਰਾਸ਼ੀ ਟਰਾਂਸਫਰ ਨਹੀਂ ਕੀਤੀ ਹੈ। ਐੱਨ. ਸੀ. ਐੱਲ. ਟੀ. ਦੇ 23 ਜੁਲਾਈ ਦੇ ਹੁਕਮ ਅਨੁਸਾਰ, ਸਫਲ ਬੋਲੀਦਾਤਾ ਆਈ. ਆਈ. ਐੱਚ. ਐੱਲ. ਨੂੰ 31 ਜੁਲਾਈ, 2024 ਤੱਕ ਕੁੱਝ ਸ਼ਰਤਾਂ ਦੀ ਪਾਲਣਾ ਕਰਨੀ ਸੀ। ਇਨ੍ਹਾਂ ਸ਼ਰਤਾਂ ’ਚ 31 ਜੁਲਾਈ ਤੱਕ ਸੀ. ਓ. ਸੀ. ਵੱਲੋਂ ਨਿਰਧਾਰਿਤ ਘਰੇਲੂ ਐਸਕ੍ਰੋ ਖਾਤੇ ’ਚ 250 ਕਰੋਡ਼ ਰੁਪਏ ਦੀ ਸ਼ੁਰੂਆਤੀ ਇਕਵਿਟੀ ਰਾਸ਼ੀ ਜਮ੍ਹਾ ਕਰਨਾ ਅਤੇ ਕਰਜ਼ਦਾਤਿਆਂ ਵੱਲੋਂ ਨਿਰਧਾਰਿਤ ਅਾਫਸ਼ੋਰ ਐਸਕ੍ਰੋ ਖਾਤੇ ’ਚ 2,500 ਕਰੋਡ਼ ਰੁਪਏ ਜਮ੍ਹਾ ਕਰਨਾ ਸ਼ਾਮਿਲ ਸੀ।