ਹਾਦਸੇ ਦੌਰਾਨ ਮੌਤ ਹੋਣ ''ਤੇ ਇਫਕੋ ਟੋਕੀਓ ਸਾਧਾਰਨ ਬੀਮਾ ਕੰਪਨੀ ਦੇਵੇਗੀ 6,17,226 ਰੁਪਏ
Saturday, Dec 08, 2018 - 07:33 PM (IST)

ਨੈਨੀਤਾਲ-ਜ਼ਿਲਾ ਖਪਤਕਾਰ ਫੋਰਮ ਨੇ ਵਾਹਨ ਹਾਦਸੇ 'ਚ ਹੋਈ ਸ਼ਿਕਾਇਤਕਰਤਾ ਦੇ ਪਤੀ ਦੀ ਮੌਤ ਦੇ ਮਾਮਲੇ ਵਿਚ ਉਸ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਇਫਕੋ ਟੋਕੀਓ ਸਾਧਾਰਨ ਬੀਮਾ ਕੰਪਨੀ ਨੂੰ ਕੁਲ 6 ਲੱਖ 17 ਹਜ਼ਾਰ 226 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਗਰਾਮ ਓਗਲਾ ਤਹਿਸੀਲ ਡੀਡੀਹਾਟ ਜ਼ਿਲਾ ਪਿਥੌਰਾਗੜ੍ਹ ਨਿਵਾਸੀ ਸਰਿਤਾ ਦੇਵੀ ਨੇ ਫੋਰਮ ਵਿਚ ਦਰਜ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਪਤੀ ਖਗੇਂਦਰ ਸਿੰਘ ਦੇ ਨਾਂ 'ਤੇ ਵੈਗਨ ਆਰ. ਯੂ. ਕੇ. 05 ਬੀ. 1500 ਕੇ. ਰਜਿਸਟਰਡ ਸੀ। 12 ਜੂਨ 2015 ਨੂੰ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਉਸ ਦੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਵਾਹਨ ਦਾ 25 ਫਰਵਰੀ 2015 ਤੋਂ 24 ਫਰਵਰੀ 2016 ਤੱਕ ਵੱਡੇ ਸੰਕਟਾਂ ਲਈ ਇਫਕੋ ਟੋਕੀਓ ਸਾਧਾਰਨ ਬੀਮਾ ਕੰਪਨੀ ਹਲਦਵਾਨੀ ਦੀ ਬਰਾਂਚ ਤੋਂ ਬੀਮਾ ਕਰਵਾਇਆ ਹੋਇਆ ਸੀ। ਹਾਦਸੇ ਵਾਲੇ ਦਿਨ ਕਾਰ ਲਾਇਸੈਂਸੀ ਡਰਾਈਵਰ ਵਲੋਂ ਚਲਾਈ ਜਾ ਰਹੀ ਸੀ। ਹਾਦਸੇ ਤੋਂ ਬਾਅਦ ਬੀਮਾ ਕੰਪਨੀ ਨੂੰ ਕਲੇਮ ਲਈ ਲਿਖਿਆ ਗਿਆ ਪਰ ਕੰਪਨੀ ਨੇ ਉਨ੍ਹਾਂ ਨੂੰ ਕਲੇਮ ਦੇ ਯੋਗ ਨਹੀਂ ਮੰਨਿਆ। ਪ੍ਰੇਸ਼ਾਨ ਹੋ ਕੇ ਸਰਿਤਾ ਦੇਵੀ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੋਰਮ ਨੇ ਆਪਣਾ ਫੈਸਲਾ ਸ਼ਿਕਾਇਤਕਰਤਾ ਦੇ ਪੱਖ ਵਿਚ ਸੁਣਾਉਂਦਿਆਂ ਇਫਕੋ ਟੋਕੀਓ ਸਾਧਾਰਨ ਬੀਮਾ ਕੰਪਨੀ ਹਲਦਵਾਨੀ ਦੇ ਬਰਾਂਚ ਮੈਨੇਜਰ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ ਵੈਗਨ ਆਰ. ਕਾਰ ਦੇ ਸਮੁੱਚੇ ਨੁਕਸਾਨ ਦੇ 4 ਲੱਖ 12 ਹਜ਼ਾਰ 226 ਰੁਪਏ ਦੇਵੇ। ਇਸ ਤੋਂ ਇਲਾਵਾ ਐਕਸੀਡੈਂਟ ਕਲੇਮ ਦੇ 2 ਲੱਖ ਰੁਪਏ, ਅਦਾਲਤੀ ਖ਼ਰਚੇ ਵਜੋਂ 5 ਹਜ਼ਾਰ ਰੁਪਏ ਵੀ ਦੇਵੇ। ਇਸ ਦੇ ਨਾਲ ਹੀ ਬੀਮਾ ਕੰਪਨੀ ਨੂੰ ਮੁਕੱਦਮਾ ਦਰਜ ਕਰਨ ਦੀ ਤਰੀਕ ਤੋਂ 6 ਫ਼ੀਸਦੀ ਵਿਆਜ ਵੀ ਦੇਣਾ ਪਵੇਗਾ।