'ਪੈਟਰੋਲ' 'ਤੇ ਟਿਕੀ ਹੈ ਇਸ ਦੇਸ਼ ਦੀ ਅਮੀਰੀ, ਖਤਮ ਹੋ ਜਾਵੇ ਤਾਂ ਹੋ ਜਾਵੇਗਾ ਗਰੀਬ!

06/23/2017 7:28:20 AM

ਨਵੀਂ ਦਿੱਲੀ— ਪੈਟਰੋਲੀਅਮ ਪਦਾਰਥ ਯਾਨੀ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਅਤੇ ਨੌਕਰੀਆਂ 'ਚ ਸਥਾਨਕ ਲੋਕਾਂ ਨੂੰ ਤਰਜੀਹ ਦੇਣ ਲਈ ਹਾਲ ਹੀ 'ਚ ਇਸ ਦੇਸ਼ ਦੀ ਸਰਕਾਰ ਨੇ ਵਿਦੇਸ਼ੀ ਵਰਕਰਾਂ ਕੋਲੋਂ ਟੈਕਸ ਵਸੂਲਣ ਦਾ ਫੈਸਲਾ ਕੀਤਾ ਹੈ। ਜਿਸ ਦਾ ਸਭ ਤੋਂ ਵਧ ਅਸਰ ਭਾਰਤੀ ਵਰਕਰਾਂ 'ਤੇ ਹੋ ਸਕਦਾ ਹੈ। ਇਸ ਨਾਲ ਭਾਰਤੀਆਂ ਲਈ ਮੌਕੇ ਤਾਂ ਘੱਟ ਹੋਣਗੇ ਹੀ, ਇਸ ਦੇ ਇਲਾਵਾ ਮੌਜੂਦਾ ਲੋਕਾਂ ਦੀ ਬਚਤ 'ਚ ਵੀ ਕਮੀ ਆਵੇਗੀ। ਇਹ ਟੈਕਸ ਅਜਿਹੇ ਸਮੇਂ 'ਚ ਲਾਇਆ ਜਾ ਰਿਹਾ ਹੈ, ਜਦੋਂ ਸਾਊਦੀ ਅਰਬ 'ਚ 5 ਫੀਸਦੀ ਦਾ ਵੈਟ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਸ ਟੈਕਸ ਦੇ ਮੱਦੇਨਜ਼ਰ ਪ੍ਰਵਾਸੀ ਭਾਰਤੀ ਵਰਕਰਾਂ ਦੀ ਬਚਤ 'ਚ 6 ਤੋਂ 15 ਫੀਸਦੀ ਤਕ ਦੀ ਗਿਰਾਵਟ ਆ ਸਕਦੀ ਹੈ। ਇਨ੍ਹਾਂ ਦੋਹਾਂ ਕਦਮਾਂ ਕਾਰਨ ਪ੍ਰਵਾਸੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਸਮੇਂ ਉੱਥੇ ਰੁਜ਼ਗਾਰ ਸੁਰੱਖਿਆ ਇਕ ਵੱਡੀ ਚਿੰਤਾ ਹੈ। ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਾਰਨ ਜ਼ਿਆਦਾਤਰ ਵਿਦੇਸ਼ੀ ਵਰਕਰਾਂ ਦੀ ਛੁੱਟੀ ਕੀਤੀ ਗਈ ਹੈ। 
ਤੇਲ 'ਤੇ ਟਿਕੀ ਹੈ ਸਾਊਦੀ ਦੀ ਅਰਥ-ਵਿਵਸਥਾ!

PunjabKesari
ਦੁਨੀਆ ਦੇ ਪੈਟਰੋਲੀਅਮ ਭੰਡਾਰ ਦਾ 22 ਫੀਸਦੀ ਹਿੱਸਾ ਇਕੱਲੇ ਸਾਊਦੀ ਅਰਬ 'ਚ ਮੌਜੂਦ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਤੇਲ ਸਪਲਾਈ ਕਰਤਾ ਦੇਸ਼ ਹੈ। ਇਸ ਦੇ ਨਾਲ ਹੀ ਇਹ ਪੈਟਰੋਲੀਅਮ ਉਤਪਾਦਕ ਦੇਸ਼ਾਂ ਦੇ ਸੰਗਠਨ 'ਓਪੇਕ ਗਰੁੱਪ' ਦਾ ਸਭ ਤੋਂ ਵੱਡਾ ਮੈਂਬਰ ਦੇਸ਼ ਹੈ ਅਤੇ ਇਹ ਤੇਲ ਕੀਮਤਾਂ ਨੂੰ ਘਟਾਉਣ-ਵਧਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਊਦੀ ਅਰਬ ਦੀ ਅਰਥ ਵਿਵਸਥਾ ਬਹੁਤ ਹੱਦ ਤਕ ਪੈਟਰੋਲੀਅਮ 'ਤੇ ਟਿਕੀ ਹੈ। ਸਾਊਦੀ ਸਰਕਾਰ ਨੂੰ ਬਜਟ ਮਾਲੀਆ ਦਾ ਲਗਭਗ 75 ਫੀਸਦੀ ਅਤੇ ਬਰਾਮਦ ਆਮਦਨ (ਐਕਸਪੋਰਟ ਇਨਕਮ) ਦਾ 90 ਫੀਸਦੀ ਹਿੱਸਾ ਤੇਲ ਇੰਡਸਟਰੀ ਤੋਂ ਆਉਂਦਾ ਹੈ। ਯਾਨੀ ਸਾਊਦੀ ਅਰਬ ਦੀ ਅਰਥ ਵਿਵਸਥਾ ਤੇਲ ਇੰਡਸਟਰੀ 'ਤੇ ਨਿਰਭਰ ਹੈ। ਅਜਿਹੇ 'ਚ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਸਾਊਦੀ ਅਰਬ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ। ਇਕ ਸਮੇਂ ਸਾਲ 2016 ਦੀ ਸ਼ੁਰੂਆਤ 'ਚ ਤੇਲ ਦੀਆਂ ਕੀਮਤਾਂ 26 ਡਾਲਰ ਤਕ ਹੇਠਾਂ ਆ ਗਈਆਂ ਸਨ, ਜਿਸ ਕਾਰਨ ਸਾਊਦੀ ਸਰਕਾਰ ਨੂੰ ਕਾਫੀ ਨੁਕਸਾਨ ਸਹਿਣਾ ਪਿਆ। ਉਸ ਸਾਲ ਸਾਊਦੀ ਅਰਬ ਦੀ ਕਮਾਈ ਸਾਲ 2013 ਦੇ ਮੁਕਾਬਲੇ 322 ਅਰਬ ਡਾਲਰ ਤੋਂ ਘੱਟ ਕੇ ਸਿਰਫ 134 ਅਰਬ ਡਾਲਰ 'ਤੇ ਆ ਗਈ ਸੀ। ਸਾਊਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ ਕੀਮਤਾਂ 'ਚ ਕਾਫੀ ਸੁਧਾਰ ਆਇਆ ਹੈ ਪਰ ਇਹ ਪੂਰੀ ਤਰ੍ਹਾਂ ਨਹੀਂ ਹੈ। ਇਸ ਦਾ ਕਾਰਨ ਹੈ ਕਿ ਓਪੇਕ ਦੇਸ਼ਾਂ ਵੱਲੋਂ ਤੇਲ ਉਤਪਾਦਨ ਤਾਂ ਘੱਟ ਕੀਤਾ ਗਿਆ ਹੈ ਪਰ ਅਮਰੀਕਾ ਵੱਲੋਂ ਸਪਲਾਈ ਵਧਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਸਪਲਾਈ ਵਧਣ ਨਾਲ ਕੀਮਤਾਂ 'ਚ ਗਿਰਾਵਟ ਆ ਜਾਂਦੀ ਹੈ।
ਸਾਊਦੀ ਅਰਬ ਲਾ ਰਿਹੈ ਨਵੇਂ ਟੈਕਸ?

PunjabKesari
2014 ਤੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਕਾਰਨ ਸਾਊਦੀ ਅਰਬ ਦੀ ਅਰਥਵਿਵਸਥਾ ਦੀ ਹਾਲਤ ਵਿਗੜ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਹਾਲ ਹੀ 'ਚ ਉੱਥੇ ਸਿਗਰੇਟ ਅਤੇ ਐਨਰਜੀ ਡ੍ਰਿੰਕਸ 'ਤੇ 100 ਫੀਸਦੀ ਟੈਕਸ ਲਾਇਆ ਗਿਆ ਹੈ। ਸਾਊਦੀ 'ਚ ਸਿਗਰੇਟ ਅਤੇ ਐਨਰਜੀ ਡ੍ਰਿੰਕ ਬਹੁਤ ਪ੍ਰਸਿੱਧ ਹਨ, ਕਿਉਂਕਿ ਇੱਥੇ ਸ਼ਰਾਬ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਸਾਲ 2018 ਤੋਂ ਕੁਝ ਸਾਮਾਨਾਂ 'ਤੇ 5 ਫੀਸਦੀ ਦੀ ਦਰ ਨਾਲ ਵੈਟ ਵੀ ਲਾਇਆ ਜਾ ਸਕਦਾ ਹੈ। ਤੇਲ ਇੰਡਸਟਰੀ ਦੀ ਕਮਾਈ 'ਤੇ ਨਿਰਭਰਤਾ ਘੱਟ ਕਰਨ ਲਈ ਸਾਊਦੀ ਸਰਕਾਰ ਦੇਸ਼ 'ਚ ਨਿਵੇਸ਼ 'ਤੇ ਜ਼ੋਰ ਦੇ ਰਹੀ ਹੈ। ਇਸ ਤੋਂ ਇਲਾਵਾ ਮੱਕਾ ਅਤੇ ਮਦੀਨਾ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਤੇਲ ਕੀਮਤਾਂ ਡਿੱਗਣ ਨਾਲ ਹੋਏ ਨੁਕਸਾਨ ਨੂੰ ਦੇਖਦੇ ਹੋਏ ਨਵੇਂ ਟੈਕਸ ਲਗਾਏ ਜਾ ਰਹੇ ਹਨ ਅਤੇ ਤੇਲ, ਬਿਜਲੀ 'ਤੇ ਦਿੱਤੀ ਜਾ ਰਹੀ ਸਬਸਿਡੀ ਘਟਾ ਦਿੱਤੀ ਗਈ ਹੈ।


Related News