ਕਰਮਚਾਰੀ ਨੇ ਕੰਪਨੀ ਨੂੰ ਨਹੀਂ ਦਿੱਤਾ ਪੈਨ ਜਾਂ ਆਧਾਰ ਕਾਰਡ ਤਾਂ ਕੱਟਿਆ ਜਾ ਸਕਦੈ 20 ਫੀਸਦੀ TDS
Friday, Jan 24, 2020 - 06:52 PM (IST)

ਨਵੀਂ ਦਿੱਲੀ—ਜੇਕਰ ਕਿਸੇ ਕਰਮਚਾਰੀ ਨੇ ਆਪਣੀ ਕੰਪਨੀ ਨੂੰ ਪੈਨ ਕਾਰਡ ਜਾਂ ਆਧਾਰ ਕਾਰਡ ਦੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਹੈ ਤਾਂ ਉਨ੍ਹਾਂ ਦੀ ਤਨਖਾਹ 'ਚੋਂ 20 ਫੀਸਦੀ ਜਾਂ ਜ਼ਿਆਦਾ ਟੀ.ਡੀ.ਐੱਸ. ਦੀ ਕਟੌਤੀ ਹੋ ਸਕਦੀ ਹੈ। ਇਹ ਕਟੌਤੀ ਉਨ੍ਹਾਂ ਦੀ ਆਮਦਨ 'ਚੋਂ ਹੀ ਕੀਤੀ ਜਾਵੇਗੀ। ਇਨਕਮ ਟੈਕਸ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ।
ਹਾਲ ਹੀ 'ਚ ਜਾਰੀ ਇਕ ਸਰਕੁਲਰ 'ਚ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਕੰਪਨੀ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਕਰਮਚਾਰੀਆਂ ਦੇ ਪੈਨ ਜਾਂ ਆਧਾਰ ਕਾਰਡ ਲੈਣੇ ਚਾਹੀਦੇ ਹਨ ਅਤੇ ਨਾਲ ਹੀ ਤਨਖਾਹ ਲਈ ਜਾਰੀ ਸਟੇਟਮੈਂਟ 'ਚ ਉਨ੍ਹਾਂ ਨੂੰ ਦਰਜ ਕਰਨਾ ਚਾਹੀਦਾ ਹੈ। ਇਨਕਮ ਟੈਕਸ ਐਕਟ ਮੁਤਾਬਕ ਕਮਾਈ ਕਰਨ ਵਾਲੇ ਲੋਕਾਂ ਲਈ ਪੈਨ ਕਾਰਡ ਦੇਣਾ ਜ਼ਰੂਰੀ ਹੈ ਅਤੇ ਅਜਿਹਾ ਨਾ ਕਰਨ 'ਤੇ ਲੋਕਾਂ ਤੋਂ ਐਕਟ ਮੁਤਾਬਕ ਉਨ੍ਹਾਂ ਦੀ ਤਨਖਾਹ 'ਚੋਂ 20 ਫੀਸਦੀ ਜਾਂ ਉਸ ਤੋਂ ਜ਼ਿਆਦਾ ਟੀ.ਡੀ.ਐੱਸ. ਤਕ ਵਸੂਲਿਆ ਜਾ ਸਕਦਾ ਹੈ।