ਸੀਮੈਂਟ ਉਦਯੋਗ ਦਾ ਵਾਧਾ 4-5 ਫੀਸਦੀ ਰਹਿਣ ਦਾ ਅੰਦਾਜ਼ਾ : ਇਕਰਾ
Thursday, Nov 28, 2024 - 05:18 AM (IST)
ਨਵੀਂ ਦਿੱਲੀ, (ਭਾਸ਼ਾ)- ਰੇਟਿੰਗ ਏਜੰਸੀ ਇਕਰਾ ਨੇ ਨਿਰਮਾਣ ਗਤੀਵਿਧੀਆਂ ’ਚ ਸੁਸਤੀ ਕਾਰਨ ਚਾਲੂ ਵਿੱਤੀ ਸਾਲ (2024-25) ’ਚ ਸੀਮੈਂਟ ਉਦਯੋਗ ਲਈ ਆਪਣੇ ਵਾਧੇ ਦੇ ਅੰਦਾਜ਼ੇ ਨੂੰ ਘਟਾ ਕੇ 4-5 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਦਾ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ ’ਚ ਸੀਮੈਂਟ ਦੀ ਮੰਗ 44.5 ਤੋਂ 45 ਕਰੋਡ਼ ਟਨ ਰਹੇਗੀ। ਇਸ ਤੋਂ ਪਹਿਲਾਂ ਜੁਲਾਈ ’ਚ ਇਕਰਾ ਨੇ ਦੂਜੀ ਛਿਮਾਹੀ ’ਚ ਮੰਗ ’ਚ ਬਿਹਤਰ ਵਾਧੇ ਦੀ ਉਮੀਦ ਜਤਾਉਂਦੇ ਹੋਏ ਸੀਮੈਂਟ ਉਦਯੋਗ ’ਚ 7 ਤੋਂ 8 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਲਾਇਆ ਸੀ।
ਬਿਆਨ ਅਨੁਸਾਰ, ਹਾਲਾਂਕਿ, ਇਕਰਾ ਨੇ ਹੁਣ ਆਪਣੇ ਅੰਦਾਜ਼ੇ ਨੂੰ ‘ਆਮ ਚੋਣਾਂ’ ਤੋਂ ਬਾਅਦ ਰਿਹਾਇਸ਼ੀ ਅਤੇ ਬੁਨਿਆਦੀ ਢਾਂਚਾ ਖੇਤਰਾਂ ’ਚ ਨਿਰਮਾਣ ਗਤੀਵਿਧੀਆਂ ’ਚ ਉਮੀਦ ਤੋਂ ਹੌਲੀ ਵਾਧੇ ਕਾਰਨ ਸੋਧ ਕੀਤੀ ਹੈ। ਇਸ ਤੋਂ ਇਲਾਵਾ, ਮੰਗ ’ਚ ਕਮੀ ਅਤੇ ਜ਼ਿਆਦਾ ਸਪਲਾਈ ਕਾਰਨ ਕੀਮਤਾਂ ਦਬਾਅ ’ਚ ਰਹਿਣ ਕਾਰਨ ਸੰਚਾਲਨ ਮੁਨਾਫਾ ਮਾਰਜਨ ਸਾਲਾਨਾ ਆਧਾਰ ’ਤੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ 3.75 ਫੀਸਦੀ ਘਟ ਕੇ 12 ਫੀਸਦੀ ਅਤੇ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ’ਚ 1.92 ਫੀਸਦੀ ਘਟ ਕੇ 14 ਫੀਸਦੀ ਰਹਿ ਗਿਆ।
ਇਸ ’ਚ ਕਿਹਾ ਗਿਆ,“ਚੰਗੇ ਮਾਨਸੂਨ, ਬਿਹਤਰ ਖਰੀਫ ਉਤਪਾਦਨ ਅਤੇ ਰਬੀ ਫਸਲ ਦੀ ਬੀਜਾਈ ਨੂੰ ਸਮਰਥਨ ਦੇਣ ਵਾਲੇ ਤਾਲਾਬਾਂ ਦੇ ਚਰਮ ਪੱਧਰ ਕਾਰਨ ਖੇਤੀਬਾੜੀ ਨਕਦੀ ਪ੍ਰਵਾਹ ’ਚ ਸੰਭਾਵਿਕ ਸੁਧਾਰ ਨਾਲ ਦੂਜੀ ਛਿਮਾਹੀ ’ਚ ਪੇਂਡੂ ਖਪਤ ’ਚ ਵਾਧਾ ਹੋਣ ਦੀ ਉਮੀਦ ਹੈ, ਜਿਸ ਦੇ ਨਾਲ ਪੇਂਡੂ ਰਿਹਾਇਸ਼ੀ ਖੇਤਰ ’ਚ ਸੀਮੈਂਟ ਦੀ ਮੰਗ ਵਧੇਗੀ।” ਇਸ ਤੋਂ ਇਲਾਵਾ ਸ਼ਹਿਰੀ ਰਿਹਾਇਸ਼ ਲਈ ਲਗਾਤਾਰ ਚੰਗੀ ਮੰਗ ਨਾਲ ਸੀਮੈਂਟ ਦੀ ਮਾਤਰਾ ’ਚ ਵਾਧੇ ਦਾ ਸਮਰਥਨ ਕਰਨਾ ਚਾਹੀਦਾ ਹੈ। ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਤੇ ਸਰਕਾਰੀ ਖਰਚ ’ਚ ਵਾਧੇ ਨਾਲ ਦੂਜੀ ਛਿਮਾਹੀ ’ਚ ਬੁਨਿਆਦੀ ਢਾਂਚਾ ਖੇਤਰ ’ਚ ਵੀ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।