ਲਾਕਡਾਊਨ ''ਚ ਢਿੱਲ ਨਾਲ ਹੁੰਡਈ ਨੇ ਮਈ ''ਚ ਦਰਜ ਕੀਤੀ ਸ਼ਾਨਦਾਰ ਪਾਰੀ

05/30/2020 3:03:36 PM

ਮੁੰਬਈ—  ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਇਸ ਮਹੀਨੇ ਦੇ ਸ਼ੁਰੂ 'ਚ ਆਪਣੇ ਚੇਨਈ ਪਲਾਂਟ 'ਚ ਕੰਮ ਦੁਬਾਰਾ ਸ਼ੁਰੂ ਹੋਣ 'ਤੇ ਮਈ 'ਚ ਹੁਣ ਤੱਕ 5,000 ਤੋਂ ਵੱਧ ਕਾਰਾਂ ਦੀ ਸਪਲਾਈ ਵਿਦੇਸ਼ੀ ਬਾਜ਼ਾਰਾਂ ਨੂੰ ਕੀਤੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਾਰ ਕੰਪਨੀ ਨੇ ਕਿਹਾ ਕਿ ਉਸ ਨੇ 8 ਮਈ ਨੂੰ ਆਪਣੇ ਪਲਾਂਟ 'ਚ ਉਤਪਾਦਨ ਦੀ ਸ਼ੁਰੂਆਤ ਕੀਤੀ ਸੀ।

ਲਾਕਡਾਊਨ 'ਚ ਢਿੱਲ ਮਿਲਣ 'ਤੇ ਕੰਮ ਦੁਬਾਰਾ ਸ਼ੁਰੂ ਹੋਣ ਨਾਲ ਹੁੰਡਈ ਮੋਟਰ ਇੰਡੀਆ ਦੀ ਮਹੀਨਾਵਾਰ ਬਰਾਮਦ ਦਾ 35 ਤੋਂ 40 ਫੀਸਦੀ ਹਿੱਸਾ ਬਹਾਲ ਹੋ ਗਿਆ ਹੈ। ਭਾਰਤੀ ਆਟੋਮੋਬਾਇਲ ਨਿਰਮਾਤਾਵਾਂ ਦੀ ਸੁਸਾਇਟੀ (ਸਿਆਮ) ਦੇ ਅੰਕੜਿਆਂ ਮੁਤਾਬਕ, ਪਿਛਲੇ ਵਿੱਤੀ ਸਾਲ 'ਚ ਹੁੰਡਈ ਮੋਟਰ ਇੰਡੀਆ ਪ੍ਰਤੀ ਮਹੀਨੇ ਤਕਰੀਬਨ 14,000 ਤੋਂ 15,000 ਕਾਰਾਂ ਦੀ ਬਰਾਮਦ ਕਰ ਰਹੀ ਸੀ।

ਹੁੰਡਈ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ. ਐੱਸ. ਕਿਮ ਨੇ ਕਿਹਾ, ''ਅਸੀਂ ਮਈ 2020 'ਚ 5,000 ਤੋਂ ਵੱਧ ਯੂਨਿਟ ਬਰਾਮਦ ਕਰਕੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਕੀਤੀ ਹੈ, ਜੋ ਆਰਥਿਕ ਸੁਧਾਰਾਂ ਨੂੰ ਵਧਾਉਣ ਪ੍ਰਤੀ ਸਾਡਾ ਯਤਨ ਹੈ।''
ਹੁੰਡਈ ਭਾਰਤ 'ਚ ਯਾਤਰੀ ਕਾਰਾਂ ਦੀ ਸਭ ਤੋਂ ਵੱਡੀ ਬਰਾਮਦਕਾਰ ਹੈ। ਕੰਪਨੀ ਨੇ ਕਿਹਾ ਕਿ ਉਸ ਨੇ 1999 'ਚ ਭਾਰਤ ਤੋਂ ਬਰਾਮਦ ਸ਼ੁਰੂ ਕਰਨ ਤੋਂ ਬਾਅਦ 88 ਵਿਦੇਸ਼ੀ ਬਾਜ਼ਾਰਾਂ 'ਚ 30 ਲੱਖ ਤੋਂ ਵੱਧ ਕਾਰਾਂ ਦੀ ਸਪਲਾਈ ਕੀਤੀ ਹੈ। ਮੌਜੂਦਾ ਸਮੇਂ ਹੁੰਡਈ 10 ਮਾਡਲਾਂ ਦੀ ਬਰਾਮਦ ਕਰਦੀ ਹੈ, ਜਿਸ 'ਚ ਐਟੋਸ (ਸੈਂਟ੍ਰੋ ਵੀ ਕਿਹਾ ਜਾਂਦਾ ਹੈ), ਗ੍ਰਾਂਡ ਆਈ-10 ਨਿਓਸ ਤੇ ਔਰਾ ਵੇਰੀਐਂਟ, ਐਲੀਟ ਆਈ-20, ਐਕਸੈਂਟ, ਵੈਨਿਊ ਤੇ ਕ੍ਰੇਟਾ ਐੱਸ. ਯੂ. ਵੀ. ਸ਼ਾਮਲ ਹਨ। ਹੁੰਡਈ ਮੋਟਰ ਇੰਡੀਆ ਲੈਟਿਨ ਅਮਰੀਕਾ, ਅਫਰੀਕਾ, ਏਸ਼ੀਆ ਪੈਸੀਫਿਕ ਅਤੇ ਯੂਰਪ ਸਮੇਤ 88 ਦੇਸ਼ਾਂ ਨੂੰ ਬਰਾਮਦ ਕਰਦੀ ਹੈ।


Sanjeev

Content Editor

Related News