ਸੈਂਕੜੇ ਸਮਾਰਟ ਹੋਮ ਦਾ ਡਾਟਾ ਹੋ ਸਕਦੈ ਲੀਕ
Sunday, Aug 19, 2018 - 04:44 PM (IST)

ਨਵੀਂ ਦਿੱਲੀ - ਭਾਰਤ 'ਚ ਸੈਂਕੜੇ ਸਮਾਰਟ ਹੋਮ ਅਤੇ ਬਿਜ਼ਨੈੱਸ ਦੇ ਸਾਹਮਣੇ ਡਾਟਾ ਲੀਕ ਦਾ ਜੋਖਮ ਹੈ। ਇਸ ਦੀ ਵਜ੍ਹਾ ਸਮਾਰਟ ਹੋਮ ਹਬ ਜ਼ਰੀਏ ਸਮਾਰਟ ਹੋਮ ਡਿਵਾਈਸਿਜ਼ ਨਾਲ ਸੰਪਰਕ ਸਥਾਪਤ ਕਰਨ ਅਤੇ ਇਨ੍ਹਾਂ ਨੂੰ ਕੰਟਰੋਲ ਕਰਨ 'ਚ ਇਸਤੇਮਾਲ ਕੀਤੇ ਜਾਣ ਵਾਲੇ ਕਾਨਫੀਗ੍ਰੇਸ਼ਨ ਦਾ ਠੀਕ ਨਾ ਹੋਣਾ ਹੈ। ਗਲੋਬਲ ਸਾਈਬਰ ਸਕਿਓਰਿਟੀ ਫਰਮ ਅਵਾਸਟ ਨੇ ਇਹ ਚਿਤਾਵਨੀ ਆਪਣੀ ਇਕ ਰਿਸਰਚ ਰਿਪੋਰਟ 'ਚ ਦਿੱਤੀ ਹੈ।
ਰਿਸਰਚਰਸ ਨੇ ਆਪਣੀ ਜਾਂਚ 'ਚ ਪਾਇਆ ਕਿ ਮਿਸ-ਕਾਨਫਿਗ੍ਰੇਸ਼ਨ ਕਾਰਨ 49,000 ਮੈਸੇਜ ਕਿਊਇੰਗ ਟੈਲੀਮੈਟਰੀ ਟਰਾਂਸਪੋਰਟ (ਐੱਮ. ਕਿਊ. ਟੀ. ਟੀ.) ਸਰਵਰ ਇੰਟਰਨੈੱਟ 'ਤੇ ਵਿਜ਼ੀਬਲ ਹਨ। ਇਨ੍ਹਾਂ 'ਚੋਂ 32,000 ਸਰਵਰ 'ਚ ਕੋਈ ਪਾਸਵਰਡ ਪ੍ਰੋਟੈਕਸ਼ਨ ਨਹੀਂ ਹੈ। ਇਸ ਨਾਲ ਡਾਟਾ ਲੀਕ ਹੋਣ ਦਾ ਖਤਰਾ ਵਧਿਆ ਹੈ। ਇਨ੍ਹਾਂ 'ਚ ਭਾਰਤ ਦੇ 595 ਸਰਵਰ ਸ਼ਾਮਲ ਹਨ। ਅਵਾਸਟ ਦੇ ਸਕਿਓਰਿਟੀ ਰਿਸਰਚਰ ਮਾਰਟਿਨ ਰੋਨ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਸਾਈਬਰ ਅਪਰਾਧੀ ਲਈ ਕਿਸੇ ਵੀ ਵਿਅਕਤੀ ਦੇ ਸਮਾਰਟ ਹੋਮ ਤੱਕ ਪੁੱਜਣਾ ਜਾਂ ਉਸ ਨੂੰ ਕੰਟਰੋਲ ਕਰਨਾ ਆਸਾਨ ਹੁੰਦਾ ਹੈ।
ਪੁਰਾਣੇ ਪੈ ਚੁੱਕੇ ਪ੍ਰੋਟੋਕਾਲ ਜੋ ਸੁਰੱਖਿਅਤ ਨਹੀਂ, ਅਜੇ ਵੀ ਇਸਤੇਮਾਲ ਹੋ ਰਹੇ ਹਨ, ਅਜਿਹੇ ਸਮੇਂ ਜਦੋਂ ਡਾਟਾ ਸਕਿਓਰਿਟੀ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ। ਸਾਈਬਰ ਅਪਰਾਧੀ ਉਸੇ ਦੌਰਾਨ ਮਾਲਕ ਦੇ ਸਮਾਰਟ ਹੋਮ ਤੱਕ ਪਹੁੰਚ ਹਾਸਲ ਕਰ ਸਕਦੇ ਹਨ, ਜਦੋਂ ਉਹ ਘਰ 'ਚ ਹੀ ਹੋਣ। ਸਾਈਬਰ ਅਪਰਾਧੀ ਉਨ੍ਹਾਂ ਦੇ ਐਂਟਰਟੇਨਮੈਂਟ ਸਿਸਟਮ, ਵਾਈਸ ਅਸਿਸਟੈਂਟਸ ਅਤੇ ਹਾਊਸਹੋਲਡ ਡਿਵਾਈਸਿਜ਼ ਨਾਲ ਛੇੜਛਾੜ ਕਰ ਸਕਦੇ ਹਨ।