2030 ਤੱਕ ਬਜ਼ੁਰਗਾਂ ਲਈ 7.7 ਅਰਬ ਡਾਲਰ ਦਾ ਹੋ ਜਾਵੇਗਾ ਹਾਊਸਿੰਗ ਮਾਰਕਿਟ: ਰਿਪੋਰਟ
Tuesday, Sep 26, 2017 - 02:53 PM (IST)

ਨਵੀਂ ਦਿੱਲੀ(ਭਾਸ਼ਾ)—ਬਜ਼ੁਰਗ ਲੋਕਾਂ ਲਈ ਰਿਹਾਇਸ਼ੀ ਪਰਿਯੋਜਨਾਵਾਂ ਦਾ ਬਾਜ਼ਾਰ ਦੇਸ਼ 'ਚ ਸਾਲ 2030 ਤੱਕ ਛੇ ਗੁਣਾ ਵਧ ਕੇ 7.7 ਅਰਬ ਡਾਲਰ ਦਾ ਹੋ ਜਾਵੇਗਾ। ਉਦਯੋਗ ਸੰਗਠਨ ਪੀ. ਐੱਚ. ਡੀ. ਸੀ. ਸੀ. ਆਈ. ਦੇ ਇਕ ਸਰਵੇ ਰਿਪੋਰਟ 'ਚ ਇਹ ਅਨੁਮਾਨ ਪ੍ਰਗਟ ਕੀਤਾ ਗਿਆ ਹੈ। ਪੀ. ਐੱਚ. ਡੀ. ਸੀ. ਸੀ. ਆਈ. ਦੀ ਰਿਪੋਰਟ 'ਸੀਨੀਅਰ ਹਾਊਸਿੰਗ : ਅ ਸਨਰਾਈਜ਼ ਸੈਕਟਰ ਇਨ ਇੰਡੀਆ' 'ਚ ਕਿਹਾ ਕਿ ਭਾਰਤ 'ਚ ਬਜ਼ੁਰਗ ਲੋਕਾਂ ਲਈ ਕਰੀਬ 10 ਹਜ਼ਾਰ ਰਿਹਾਇਸ਼ੀ ਪਰਿਯੋਜਨਾਵਾਂ ਹਨ ਜਿਨ੍ਹਾਂ ਦਾ ਮੁੱਲ ਬਾਜ਼ਾਰ 'ਚ 1.26 ਅਰਬ ਡਾਲਰ ਹੈ। ਸਰਵੇਖਣ ਮੁਤਾਬਕ ਡੈਵਲਪਰਾਂ ਨੂੰ ਲੱਗਦਾ ਹੈ ਕਿ ਇਹ ਖੇਤਰ ਹੁਣ ਦੇ 1.26 ਅਰਬ ਡਾਲਰ ਤੋਂ ਵਧ ਕੇ 2030 ਤੱਕ 7.7 ਡਾਲਰ ਦਾ ਹੋ ਜਾਵੇਗਾ।
ਐਸੋਸੀਏਸ਼ਨ ਆਫ ਸੀਨੀਅਰ ਲਿਵਿੰਗ ਇੰਡੀਆ ਦੇ ਸੰਸਥਾਪਕ ਅਤੇ ਚੇਅਰਮੈਨ ਐੱਮ. ਐੱਚ. ਦਲਾਲ ਨੇ ਕਿਹਾ ਕਿ ਭਾਰਤ 'ਚ 12 ਕਰੋੜ ਬਜ਼ੁਰਗ ਲੋਕ ਹਨ ਜੋ ਕਈ ਦੇਸ਼ਾਂ ਦੀ ਪੂਰੀ ਆਬਾਦੀ ਦੇ ਬਰਾਬਰ ਹਨ। ਪੀ. ਐੱਚ. ਡੀ. ਸੀ. ਸੀ. ਆਈ. ਨੇ ਕਿਹਾ ਕਿ ਭਾਰਤ ਦੀ ਕੁੱਲ ਆਬਾਦੀ 'ਚ ਬਜ਼ੁਰਗਾਂ ਦਾ ਫੀਸਦੀ 1961 'ਚ 5.6 ਸੀ ਜੋ 2011 'ਚ 8.6 ਹੋ ਗਿਆ। ਸਾਲ 2021 ਤੱਕ ਇਹ ਕੁੱਲ ਆਬਾਦੀ ਦਾ 10.7 ਫੀਸਦੀ 2026 ਤੱਕ 12.4 ਫੀਸਦੀ ਅਤੇ 2050 ਤੱਕ 23.6 ਫੀਸਦੀ ਹੋ ਜਾਣਗੇ।