ਮਕਾਨਾਂ ਦੀ ਵਿਕਰੀ 'ਚ ਮੰਦੀ, ਸਸਤਾ ਖਰੀਦ ਸਕਦੇ ਹੋ ਟਾਪ ਦਾ ਘਰ!

11/20/2019 11:52:40 AM

ਮੁੰਬਈ— ਫਿਲਹਾਲ ਮਕਾਨਾਂ ਦੀ ਵਿਕਰੀ 'ਚ ਸੁਸਤੀ ਕਾਰਨ ਕੀਮਤਾਂ ਲਗਭਗ ਸਥਿਰ ਹਨ। ਇਸ ਦਾ ਫਾਇਦਾ ਉਠਾ ਕੇ ਤੁਸੀਂ ਸ਼ਹਿਰ 'ਚ ਟਾਪ ਦਾ ਘਰ ਖਰੀਦ ਸਕਦੇ ਹੋ। ਡੀ. ਐੱਲ. ਐੱਫ., ਗੋਦਰੇਜ ਪ੍ਰਾਪਰਟੀਜ਼ ਅਤੇ ਅੰਬੈਸੀ ਵਰਗੇ ਦੇਸ਼ ਦੇ ਚੋਟੀ ਦੇ ਪ੍ਰਾਪਰਟੀ ਡਿਵੈੱਲਪਰਾਂ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਮਕਾਨਾਂ ਦੀ ਵਿਕਰੀ 'ਚ ਸੁਧਾਰ 'ਚ ਘੱਟੋ-ਘੱਟ ਇਕ ਸਾਲ ਦਾ ਸਮਾਂ ਲੱਗੇਗਾ। ਰਿਹਾਇਸ਼ੀ ਮਕਾਨਾਂ ਦੀ ਵਿਕਰੀ 'ਚ ਮੰਦੀ ਦਾ ਦੌਰ ਚੱਲ ਰਿਹਾ ਹੈ। ਮੰਗ ਘੱਟ ਹੋਣ ਕਾਰਨ ਕੀਮਤਾਂ ਸਥਿਰ ਹਨ।



ਹਾਲਾਂਕਿ, ਪ੍ਰਾਪਰਟੀ ਡਿਵੈੱਲਪਰਾਂ ਨੂੰ ਨੋਟਬੰਦੀ, ਰੇਰਾ, ਐੱਨ. ਬੀ. ਐੱਫ. ਸੀ. ਸੰਕਟ ਕਾਰਨ ਨਕਦੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਸਰਕਾਰ ਨੇ ਰੁਕੇ ਹੋਏ ਪ੍ਰੋਜੈਕਟਾਂ ਲਈ 25,000 ਕਰੋੜ ਰੁਪਏ ਦੇ ਰਾਹਤ ਫੰਡ ਦਾ ਐਲਾਨ ਕੀਤਾ ਹੈ, ਜਿਸ ਨਾਲ 7 ਪ੍ਰਮੁੱਖ ਸ਼ਹਿਰਾਂ 'ਚ ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰੇ ਕਰਨ 'ਚ ਮਦਦ ਮਿਲਣ ਦੀ ਸੰਭਾਵਨਾ ਹੈ।
ਦੇਸ਼ ਦੀ ਸਭ ਤੋਂ ਵੱਡੀ ਡਿਵੈੱਲਪਰ ਡੀ. ਐੱਲ. ਐੱਫ. ਦੇ ਮੁੱਖ ਕਾਰਜਕਾਰੀ ਨੇ ਬਿਜ਼ਨੈੱਸ ਸਟੈਂਡਰਡ ਨੂੰ ਕਿਹਾ, ''ਭਰੋਸਾ ਇਸ ਸਮੇਂ ਹੇਠਲੇ ਪੱਧਰ 'ਤੇ ਹੈ। ਮੈਨੂੰ ਲੱਗਦਾ ਹੈ ਕਿ ਇਸ ਤੂਫਾਨ ਨੂੰ ਵਾਪਸ ਜਾਣ 'ਚ ਦੋ ਜਾਂ ਤਿੰਨ ਤਿਮਾਹੀ ਦਾ ਹੋਰ ਸਮਾਂ ਲੱਗੇਗਾ ਅਤੇ ਖਰੀਦਦਾਰਾਂ ਦੀ ਧਾਰਨਾ 'ਚ ਸੁਧਾਰ ਹੋਵੇਗਾ।'' ਬੇਂਗਲੁਰੂ ਦੇ ਡਿਵੈੱਲਪਰ ਅੰਬੈਸੀ ਦੇ ਚੇਅਰਮੈਨ ਨੇ ਕਿਹਾ ਕਿ ਪੂਰੇ ਹੋਏ ਪ੍ਰੋਜੈਕਟਾਂ ਤੇ ਵੱਡੇ ਬ੍ਰਾਂਡ ਦੇ ਡਿਵੈੱਲਪਰਾਂ ਵੱਲੋਂ ਬਣਾਏ ਜਾ ਰਹੇ ਮਕਾਨਾਂ ਦੀ ਵਿਕਰੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਵੱਡੇ ਆਲੀਸ਼ਾਨ ਫਲੈਟਾਂ ਦੀ ਵਿਕਰੀ ਨਹੀਂ ਹੋ ਰਹੀ ਹੈ, ਜਦੋਂ ਕਿ ਦਰਮਿਆਨੇ ਪੱਧਰ ਦੇ ਘਰ ਠੀਕ-ਠਾਕ ਵਿਕ ਰਹੇ ਹਨ। ਗੋਦਰੇਜ ਨੇ ਕਿਹਾ ਕਿ ਕੀਮਤਾਂ ਪਿਛਲੇ ਸਾਲ ਭਰ ਤੋਂ ਲਗਭਗ ਸਥਿਰ ਹਨ ਅਤੇ ਅਗਲੇ 12 ਮਹੀਨਿਆਂ ਤਕ ਇਨ੍ਹਾਂ 'ਚ ਸਥਿਰਤਾ ਰਹਿਣ ਦੀ ਸੰਭਾਵਨਾ ਹੈ।


Related News