''ਚਾਲੂ ਵਿੱਤੀ ਸਾਲ ’ਚ ਹੋਟਲ ਉਦਯੋਗ ਦਾ ਮਾਲੀਆ ਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਦੀ ਉਮੀਦ''
Tuesday, Jul 12, 2022 - 06:43 PM (IST)
ਨਵੀਂ ਦਿੱਲੀ (ਭਾਸ਼ਾ)–ਮਹਾਮਾਰੀ ਦੀਆਂ ਕੁਝ ਹੋਰ ਲਹਿਰਾਂ ਆਉਣ ਦੇ ਖਦਸ਼ਿਆਂ ਦੇ ਬਾਵਜੂਦ ਚਾਲੂ ਵਿੱਤੀ ਸਾਲ ’ਚ ਹੋਟਲ ਉਦਯੋਗ ਦਾ ਮਾਲੀਆ ਅਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਣ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਇਕਰਾ ਨੇ ਇਹ ਅਨੁਮਾਨ ਲਗਾਇਆ ਹੈ। ਇਕਰਾ ਰੇਟਿੰਗਸ ਨੇ ਮੰਗਲਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਚਾਲੂ ਵਿੱਤੀ ਸਾਲ (2022-23) ਵਿਚ ਮੌਜ-ਮਸਤੀ ਅਤੇ ਛੋਟੀਆਂ ਯਾਤਰਾਵਾਂ ਹੋਟਲ ਉਦਯੋਗ ਦੀ ਮੰਗ ਨੂੰ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਹਾਲਾਂਕਿ ਕਾਰੋਬਾਰੀ ਯਾਤਰਾਵਾਂ ਅਤੇ ਵਿਦੇਸ਼ੀ ਸੈਲਾਨੀਆਂ ਦੇ ਆਗਮਨ ’ਚ ਕ੍ਰਮਵਾਰ ਸੁਧਾਰ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ
ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ ’ਚ ਅਖਿਲ-ਭਾਰਤੀ ਪੱਧਰ ’ਤੇ ਪ੍ਰੀਮੀਅਮ ਹੋਟਲ ਬੁਕਿੰਗ 68-70 ਫੀਸਦੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਹੋਟਲ ਦੇ ਕਮਰਿਆਂ ਦਾ ਔਸਤ ਕਿਰਾਇਆ ਕਰੀਬ 5600-5,800 ਰੁਪਏ ਰਹਿਣ ਦਾ ਅਨੁਮਾਨ ਹੈ। ਇਕਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਕੋਵਿਡ-19 ਮਹਾਮਾਰੀ ਦੀਆਂ ਕੁਝ ਹੋਰ ਲਹਿਰਾਂ ਆਉਣ ਦੀ ਸਥਿਤੀ ’ਚ ਮੰਗ ’ਤੇ ਅਸਰ ਦੇ ਖਦਸ਼ੇ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਇਸ ਦੇ ਬਾਵਜੂਦ ਵਿੱਤੀ ਸਾਲ 2022-23 ’ਚ ਹੋਟਲ ਉਦਯੋਗ ਦਾ ਮਾਲੀਆ ਅਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਸਕਦਾ ਹੈ। ਇਕਰਾ ਦੀ ਉੱਪ-ਪ੍ਰਧਾਨ ਅਤੇ ਖੇਤਰ ਮੁਖੀ ਵਿਨੁਤਾ ਐੱਸ. ਨੇ ਕਿਹਾ ਕਿ ਹੋਟਲ ਉਦਯੋਗ ਦੀ ਇਸ ਵਿੱਤੀ ਸਾਲ ’ਚ ਸ਼ੁਰੂਆਤ ਚੰਗੀ ਰਹੀ ਹੈ ਅਤੇ ਪਹਿਲੀ ਤਿਮਾਹੀ ’ਚ ਪ੍ਰੀਮੀਅਮ ਸ਼੍ਰੇਣੀ ਦੇ 56-58 ਫੀਸਦੀ ਕਮਰੇ ਬੁੱਕ ਰਹੇ। ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਇਹ ਅਨੁਪਾਤ 40-42 ਫੀਸਦੀ ਸੀ।
ਇਹ ਵੀ ਪੜ੍ਹੋ : ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ