NCR ’ਚ 2020 ’ਚ ਮਕਾਨਾਂ ਦੀ ਵਿਕਰੀ 50 ਫੀਸਦੀ ਡਿੱਗੀ, 8 ਪ੍ਰਮੁੱਖ ਸ਼ਹਿਰਾਂ ’ਚ ਮੰਗ 37 ਫੀਸਦੀ ਘਟੀ

Thursday, Jan 07, 2021 - 09:08 AM (IST)

ਨਵੀਂ ਦਿੱਲੀ (ਭਾਸ਼ਾ) – ਪ੍ਰਾਪਰਟੀ ਸਲਾਹਕਾਰ ਨਾਈਟ ਫ੍ਰੈਂਕ ਇੰਡੀਆ ਨੇ ਕਿਹਾ ਕਿ ਕੋਵਿਡ-19 ਲਾਗ ਕਾਰਣ ਰਾਸ਼ਟਰੀ ਰਾਜਧਾਨੀ ਖੇਤਰ (ਦਿੱਲੀ-ਐੱਨ. ਸੀ. ਆਰ.) ਵਿਚ ਰਿਹਾਇਸ਼ੀ ਵਿਕਰੀ ਬੀਤੇ ਸਾਲ ਦੌਰਾਨ ਸਾਲਾਨਾ ਆਧਾਰ ’ਤੇ 50 ਫੀਸਦੀ ਘਟ ਕੇ 21,234 ਇਕਾਈ ਰਹਿ ਗਈ। ਨਾਈਟ ਫ੍ਰੈਂਕ ਨੇ ਆਪਣੀ ਰਿਪੋਰਟ ‘ਇੰਡੀਆ ਰਿਅਲ ਅਸਟੇਟ-ਰਿਹਾਇਸ਼ੀ ਅਤੇ ਦਫਤਰ ਅਪਡੇਟ, ਦੂਜੀ ਛਿਮਾਹੀ 2020’ ਵਿਚ ਕਿਹਾ ਕਿ 2020 ’ਚ 8 ਪ੍ਰਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਘਟ ਕੇ 1,54,534 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ 2,45,861 ਇਕਾਈ ਸੀ।

ਰਿਪੋਰਟ ਮੁਤਾਬਕ ਸਾਰੇ 8 ਪ੍ਰਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ’ਚ ਗਿਰਾਵਟ ਆਈ, ਜਿਸ ’ਚ ਅਹਿਮਦਾਬਾਦ ’ਚ ਮੰਗ ’ਚ ਸਭ ਤੋਂ ਜ਼ਿਆਦਾ ਗਿਰਾਵਟ ਅਤੇ ਪੁਣੇ ’ਚ ਸਭ ਤੋਂ ਘੱਟ ਗਿਰਾਵਟ ਰਹੀ। ਅੰਕੜਿਆਂ ਮੁਤਾਬਕ ਪੁਣੇ ’ਚ ਬੀਤੇ ਸਾਲ ਰਿਹਾਇਸ਼ੀ ਵਿਕਰੀ 18 ਫੀਸਦੀ ਘਟ ਕੇ 26,919 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ 32,809 ਇਕਾਈ ਸੀ। ਇਸ ਤਰ੍ਹਾਂ ਮੁੰਬਈ ’ਚ ਵਿਕਰੀ 20 ਫੀਸਦੀ ਘਟੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਾਇਦਾਦਾਂ ਦੀ ਰਜਿਸਟ੍ਰੇਸ਼ਨ ’ਤੇ ਅਸਥਾਈ ਤੌਰ ’ਤੇ ਸਟਾਂਪ ਡਿਊਟੀ ’ਚ ਕਟੌਤੀ ਤੋਂ ਬਾਅਦ 2020 ਦੇ ਆਖਰੀ ਚਾਰ ਮਹੀਨਿਆਂ ਦੌਰਾਨ ਮੁੰਬਈ ਅਤੇ ਪੁਣੇ ’ਚ ਵਿਕਰੀ ਵਧੀ। ਦਿੱਲੀ-ਐੱਨ. ਸੀ. ਆਰ. ’ਚ 2020 ਦੌਰਾਨ ਰਿਹਾਇਸ਼ੀ ਵਿਕਰੀ 50 ਫੀਸਦੀ ਘਟ ਕੇ 21234 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ’ਚ 42,828 ਇਕਾਈ ਸੀ। ਸਮੀਖਿਆ ਅਧੀਨ ਮਿਆਦ ਦੌਰਾਨ ਬੇਂਗਲੁਰੂ ’ਚ ਮੰਗ 51 ਫੀਸਦੀ ਘਟ ਕੇ 23,079 ਇਕਾਈ ਰਹਿ ਗਈ। ਰਿਹਾਇਸ਼ੀ ਵਿਕਰੀ ਦੇ ਲਿਹਾਜ ਨਾਲ ਅਹਿਮਦਾਬਾਦ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਇਥੇ ਵਿਕਰੀ 61 ਫੀਸਦੀ ਘਟ ਕੇ 6,506 ਇਕਾਈ ਰਹਿ ਗਈ।


Harinder Kaur

Content Editor

Related News