ਘਰਾਂ ਦੇ ਮੁੱਲ ਔਸਤਨ 7 ਫ਼ੀਸਦੀ ਘਟੇ
Friday, Apr 20, 2018 - 04:25 AM (IST)

ਨਵੀਂ ਦਿੱਲੀ-ਦੇਸ਼ ਦੇ 9 ਪ੍ਰਮੁੱਖ ਸ਼ਹਿਰਾਂ 'ਚ ਜਨਵਰੀ-ਮਾਰਚ ਤਿਮਾਹੀ 'ਚ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ ਘਰਾਂ ਦੇ ਮੁੱਲ ਔਸਤਨ 7 ਫ਼ੀਸਦੀ ਘਟੇ ਹਨ। ਰੀਅਲ ਅਸਟੇਟ ਜਾਂਚ ਅਤੇ ਵਿਸ਼ਲੇਸ਼ਣ ਕੰਪਨੀ ਪ੍ਰਾਪਇਕਵਿਟੀ ਅਨੁਸਾਰ ਘਰਾਂ ਦੀ ਮੰਗ ਘੱਟ ਰਹਿਣ ਦੀ ਵਜ੍ਹਾ ਨਾਲ ਡਿਵੈਲਪਰਸ ਮੁੱਲ ਘਟਾ ਰਹੇ ਹਨ। ਮਾਰਚ ਤਿਮਾਹੀ ਦੌਰਾਨ ਬਿਨਾਂ ਵਿਕੇ ਫਲੈਟਾਂ ਦੀ ਗਿਣਤੀ 2 ਫ਼ੀਸਦੀ ਘਟ ਕੇ 5,95,074 ਇਕਾਈ 'ਤੇ ਆ ਗਈ, ਜੋ ਇਸ ਤੋਂ ਪਿਛਲੀ ਤਿਮਾਹੀ 'ਚ 6,08,949 ਇਕਾਈ ਸੀ।
ਤਿਮਾਹੀ ਦੌਰਾਨ ਘਰਾਂ ਦੀ ਵਿਕਰੀ 8 ਫ਼ੀਸਦੀ ਵਧ ਕੇ 40,694 ਇਕਾਈ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੀ ਤਿਮਾਹੀ 'ਚ 37,555 ਇਕਾਈ ਸੀ। ਇਸ ਰਿਪੋਰਟ 'ਚ ਸ਼ਾਮਲ ਕੀਤੇ ਗਏ 9 ਸ਼ਹਿਰਾਂ 'ਚ ਗੁਰੂਗ੍ਰਾਮ, ਨੋਇਡਾ, ਮੁੰਬਈ, ਕੋਲਕਾਤਾ, ਪੁਣੇ, ਹੈਦਰਾਬਾਦ, ਬੇਂਗਲੁਰੂ, ਠਾਣੇ ਅਤੇ ਚੇਨਈ ਹਨ। ਤਿਮਾਹੀ ਦੌਰਾਨ ਔਸਤਨ ਕੀਮਤ 7 ਫ਼ੀਸਦੀ ਘਟ ਕੇ 6,762 ਰੁਪਏ ਪ੍ਰਤੀ ਵਰਗ ਫੁੱਟ ਤੋਂ ਘਟ ਕੇ 6,260 ਰੁਪਏ ਪ੍ਰਤੀ ਵਰਗ ਫੁੱਟ ਰਹਿ ਗਈ। ਸਮੀਖਿਆ ਅਧੀਨ ਮਿਆਦ 'ਚ ਨਵੇਂ ਘਰਾਂ ਦੀ ਆਫਰ 48 ਫ਼ੀਸਦੀ ਵਧ ਕੇ 17,550 ਇਕਾਈ ਤੋਂ 25,970 ਇਕਾਈ 'ਤੇ ਪਹੁੰਚ ਗਈ। ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਮੀਰ ਜਸੂਜਾ ਨੇ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਪਹਿਲੀ ਤਿਮਾਹੀ ਤੋਂ ਰੀਅਲਟੀ ਬਾਜ਼ਾਰ 'ਚ ਸਥਿਰਤਾ ਆਉਣੀ ਸ਼ੁਰੂ ਹੋਵੇਗੀ।