ਗਰੀਬੀ ਦੂਰ ਕਰਨ ਲਈ ਉੱਚਾ ਆਰਥਕ ਵਾਧਾ ਜ਼ਰੂਰੀ : ਜੇਤਲੀ
Friday, Nov 16, 2018 - 01:24 AM (IST)

ਨਵੀਂ ਦਿੱਲੀ-ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ’ਚ ਗਰੀਬੀ ਨੂੰ ਘੱਟ ਕਰਨ ਅਤੇ ਵਿਕਾਸ ਦਾ ਫਾਇਦਾ ਗਰੀਬਾਂ ਤੱਕ ਪਹੁੰਚਾਉਣ ਲਈ ਉੱਚਾ ਆਰਥਕ ਵਾਧਾ ਹਾਸਲ ਕਰਨਾ ਜ਼ਰੂਰੀ ਹੈ। ਉਹ ਬੱਚਤ ਅਤੇ ਪ੍ਰਚੂਨ ਬੈਂਕਾਂ ਦੇ 25ਵੇਂ ਵਿਸ਼ਵ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਾਹ ਤੱਕ ਰਿਹਾ ਕੋਈ ਸਮਾਜ ਜੀਵਨ ਦੀ ਗੁਣਵੱਤਾ ’ਚ ਸੁਧਾਰ ਅਤੇ ਵਿਕਾਸ ਦਾ ਫਲ ਗਰੀਬਾਂ ਤੱਕ ਪਹੁੰਚਾਉਣ ਲਈ ਅਣਮਿੱਥੇ ਸਮੇਂ ਤੱਕ ਉਡੀਕ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਵਰਗੀਆਂ ਅਰਥਵਿਵਸਥਾਵਾਂ ਲਈ ਉੱਚੀ ਆਰਥਕ ਵਾਧਾ ਦਰ ਜ਼ਰੂਰੀ ਹੈ। ਅਸੀਂ ਉੱਚੇ ਆਰਥਕ ਵਾਧੇ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗਰੀਬੀ ਦੇ ਨਰਕ ਤੋਂ ਮੁਕਤੀ ਦੇਣਾ ਅਤੇ ਉਨ੍ਹਾਂ ਦਾ ਜੀਵਨ ਸੁਧਾਰਨਾ ਚਾਹੁੰਦੇ ਹਾਂ ਪਰ ਅਸੀਂ ਵਿਕਾਸ ਅਤੇ ਤਰੱਕੀ ਦਾ ਫਾਇਦਾ ਕੁਝ ਹੀ ਲੋਕਾਂ ਤੱਕ ਸੀਮਤ ਰਹਿ ਜਾਣ ਅਤੇ ਬਾਕੀਆਂ ਦੇ ਉਸ ਤੋਂ ਵਾਂਝੇ ਰਹਿਣ ਦੇ ਖਤਰੇ ਨੂੰ ਲੈ ਕੇ ਵੀ ਜਾਗਰੂਕ ਹਾਂ।’’
ਬੈਂਕਿੰਗ ਸੇਵਾਵਾਂ ਨਾਲ ਨਹੀਂ ਜੁੜੇ ਲੋਕਾਂ ਨੂੰ ਬੈਂਕ ਨਾਲ ਜੋੜਨਾ ਮਕਸਦ
ਕੇਂਦਰ ਸਰਕਾਰ ’ਚ ਚਲਾਈ ਗਈ ਵਿੱਤੀ ਸ਼ਮੂਲੀਅਤ ਮੁਹਿੰਮ ’ਤੇ ਬੋਲਦਿਆਂ ਜੇਤਲੀ ਨੇ ਕਿਹਾ ਕਿ ਸਾਡਾ ਮਕਸਦ ਬੈਂਕਿੰਗ ਸੇਵਾਵਾਂ ਨਾਲ ਨਹੀਂ ਜੁੜੇ ਲੋਕਾਂ ਨੂੰ ਬੈਂਕ ਨਾਲ ਜੋੜਨਾ, ਅਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਕਰਨਾ ਅਤੇ ਪੂੰਜੀਹੀਨ ਲੋਕਾਂ ਨੂੰ ਵਿੱਤ ਪੋਸ਼ਣ ਕਰਨਾ ਅਤੇ ਜਿਨ੍ਹਾਂ ਖੇਤਰਾਂ ’ਚ ਸੇਵਾਵਾਂ ਨਹੀਂ ਸਨ, ਉਥੇ ਸੇਵਾਵਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਖਾਸ ਕਰ ਕੇ ਜਨਤਕ ਖੇਤਰ ਦੇ ਬੈਂਕਾਂ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਕੁਝ ਮਹੀਨਿਆਂ ’ਚ 33 ਕਰੋੜ ਬੈਂਕ ਖਾਤੇ ਖੋਲ੍ਹੇ। ਸ਼ੁਰੂ ’ਚ ਇਹ ਸਿਫ਼ਰ ਰਾਸ਼ੀ ਖਾਤੇ ਖੋਲ੍ਹੇ ਗਏ ਅਤੇ ਹੌਲੀ-ਹੌਲੀ ਲੋਕਾਂ ਨੇ ਇਨ੍ਹਾਂ ’ਚ ਪੈਸੇ ਜਮ੍ਹਾ ਕਰਨੇ ਸ਼ੁਰੂ ਕਰ ਦਿੱਤੇ।
ਓਵਰਡਰਾਫਟ ਸਹੂਲਤ ਨੂੰ ਕੀਤਾ ਦੁੱਗਣਾ
ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸਫਲਤਾ ’ਚ ਉਤਸ਼ਾਹਿਤ ਸਰਕਾਰ ਨੇ ਹਾਲ ’ਚ ਇਸ ਦੇ ਦੂਜੇ ਦੌਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸਾਰੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਓਵਰਡਰਾਫਟ ਸਹੂਲਤ ਨੂੰ ਦੁੱਗਣਾ ਕਰ ਕੇ 10,000 ਰੁਪਏ ਕੀਤਾ ਗਿਆ ਹੈ।