ਦੂਜੀ ਲਹਿਰ ''ਚ ਮਾਮਲਿਆਂ ਦੇ ਨਾਲ ਹੀ ਸਿਹਤ ਬੀਮਾ ਦੇ ਕਲੇਮ ਦੀ ਗਿਣਤੀ ਵਧੀ
Saturday, May 22, 2021 - 05:18 PM (IST)
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਚ ਸਿਹਤ ਬੀਮਾ ਦੇ ਦਾਅਵਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਮੱਧ ਮਈ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਗੈਰ-ਜੀਵਨ ਬੀਮਾ ਕੰਪਨੀਆਂ ਕੋਲ 23 ਹਜ਼ਾਰ ਕਰੋੜ ਰੁਪਏ ਦੇ 14.5 ਲੱਖ ਤੋਂ ਵੱਧ ਕਲੇਮ ਆਏ ਹਨ। ਇਸ ਵਿਚੋਂ ਸਾਢੇ ਚਾਰ ਲੱਖ ਤੋਂ ਜ਼ਿਆਦਾ ਯਾਨੀ ਇਕ ਤਿਹਾਈ ਕਲੇਮ 10 ਅਪ੍ਰੈਲ ਤੋਂ 15 ਮਈ ਵਿਚਕਾਰ ਆਏ।
ਬੀਮਾ ਕੰਪਨੀਆਂ ਨੇ 11.5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਲਗਭਗ 12 ਲੱਖ 32 ਹਜ਼ਾਰ ਮਾਮਲਿਆਂ ਨੂੰ ਨਿਪਟਾ ਦਿੱਤਾ ਹੈ।
ਜਨਰਲ ਇੰਸ਼ੋਰੈਂਸ ਕੌਂਸਲ ਦੇ ਅੰਕੜਿਆਂ ਮੁਤਾਬਕ, 10 ਅਪ੍ਰੈਲ ਤੱਕ ਬੀਮਾ ਕੰਪਨੀਆਂ ਕੋਲ 14,821 ਕਰੋੜ ਰੁਪਏ ਦੇ 10,14,285 ਕਲੇਮ ਆਏ ਸਨ। ਇਨ੍ਹਾਂ ਵਿਚੋਂ 7,957 ਕਰੋੜ ਰੁਪਏ ਦੇ 8,65,986 ਕਲੇਮ ਪੂਰੇ ਕਰ ਦਿੱਤੇ ਗਏ ਸਨ। ਬਾਅਦ ਵਿਚ ਅਚਾਨਕ ਕਲੇਮ ਵਧਣ ਲੱਗੇ ਅਤੇ 10 ਅਪ੍ਰੈਲ ਤੋਂ 14 ਮਈ ਵਿਚਕਾਰ ਬੀਮਾ ਕੰਪਨੀਆਂ ਕੋਲ 4,66,498 ਨਵੇਂ ਮਾਮਲੇ ਆਏ। ਇਨ੍ਹਾਂ ਵਿਚੋਂ 3,66,306 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਗਿਣਤੀ ਦੇ ਹਿਸਾਬ ਨਾਲ 83 ਫ਼ੀਸਦੀ ਕਲੇਮ ਦਾ ਨਿਪਟਾਰਾ ਕੀਤਾ ਗਿਆ ਹੈ, ਉੱਥੇ ਹੀ ਰਾਸ਼ੀ ਦੇ ਹਿਸਾਬ ਨਾਲ ਸਿਰਫ਼ 51.38 ਫ਼ੀਸਦੀ ਕਲੇਮ ਭੁਗਤ ਚੁੱਕੇ ਹਨ। ਸਭ ਤੋਂ ਜ਼ਿਆਦਾ 8,890 ਕਰੋੜ ਰੁਪਏ ਮੁੱਲ ਦੇ 5,34,859 ਕਲੇਮ ਮਹਾਰਾਸ਼ਟਰ ਤੋਂ ਆਏ। ਇਨ੍ਹਾਂ ਵਿਚੋਂ 3,621 ਕਰੋੜ ਰੁਪਏ ਮੁੱਲ ਦੇ 4,48,953 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ।