HDFC ਬੈਂਕ ਦੀ ਮੋਬਾਇਲ ਬੈਂਕਿੰਗ ਨੇ ਫਿਰ ਕੀਤਾ ਪ੍ਰੇਸ਼ਾਨ, ਇਕ ਘੰਟਾ ਰਹੀ ਬੰਦ
Tuesday, Jun 15, 2021 - 03:59 PM (IST)
ਮੁੰਬਈ- ਨਿੱਜੀ ਖੇਤਰ ਦੇ ਸਭ ਤੋਂ ਵੱਡੇ ਰਿਣਦਾਤਾ ਐੱਚ. ਡੀ. ਐੱਫ. ਸੀ. ਬੈਂਕ ਦੀ ਮੋਬਾਈਲ ਬੈਂਕਿੰਗ ਐਪ ਮੰਗਲਵਾਰ ਨੂੰ ਤਕਰੀਬਨ ਇਕ ਘੰਟਾ ਬੰਦ ਰਹੀ। ਇਸ ਦਾ ਕਾਰਨ ਪਤਾ ਨਹੀਂ ਚਲ ਸਕਿਆ ਹੈ। ਉੱਥੇ ਹੀ, ਬੈਂਕ ਆਪਣੇ ਨੈੱਟਵਰਕ ਵਿਚ ਸਮੱਸਿਆਵਾਂ ਦੀ ਵਜ੍ਹਾ ਨਾਲ ਪਹਿਲਾਂ ਹੀ ਆਰ. ਬੀ. ਆਈ. ਦੀ ਨਿਗਰਾਨੀ ਵਿਚ ਹੈ।
ਬੈਂਕ ਨੇ ਮੋਬਾਇਲ ਬੈਂਕਿੰਗ ਵਿਚ ਦਿੱਕਤ ਦੌਰਾਨ ਗਾਹਕਾਂ ਨੂੰ ਲੈਣ-ਦੇਣ ਲਈ ਨੈੱਟ ਬੈਂਕਿੰਗ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਐੱਚ. ਡੀ. ਐੱਫ. ਸੀ. ਬੈਂਕ ਦੇ ਕਾਰਪੋਰੇਟ ਕਮਿਊਨੀਕੇਸ਼ਨ ਮੁਖੀ ਰਾਜੀਵ ਬਨਰਜੀ ਨੇ ਟਵੀਟ ਕੀਤਾ, ''ਮੋਬਾਇਲ ਬੈਂਕਿੰਗ ਐਪ 'ਤੇ ਸਾਨੂੰ ਕੁਝ ਦਿੱਕਤਾਂ ਆ ਰਹੀਆਂ ਹਨ। ਅਸੀਂ ਪਹਿਲ ਦੇ ਆਧਾਰ 'ਤੇ ਇਸ ਨੂੰ ਦੇਖ ਰਹੇ ਹਾਂ। ਅੱਗੇ ਦੀ ਸਥਿਤੀ ਦੀ ਜਲਦ ਜਾਣਕਾਰੀ ਦਿੱਤੀ ਜਾਵੇਗੀ।''
ਬਨਰਜੀ ਨੇ ਗਾਹਕਾਂ ਨੂੰ ਬੇਨਤੀ ਕਿ ਇਸ ਦੌਰਾਨ ਉਹ ਲੈਣ-ਦੇਣ ਲਈ ਨੈੱਟ ਬੈਂਕਿੰਗ ਦੇ ਬਦਲ ਦਾ ਇਸਤੇਮਾਲ ਕਰਨ। ਇਕ ਘੰਟੇ ਪਿੱਛੋਂ ਬੈਨਰਜੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਮੱਸਿਆ ਠੀਕ ਹੋ ਗਈ ਹੈ ਅਤੇ ਗਾਹਕ ਮੋਬਾਇਲ ਬੈਂਕਿੰਗ ਐਪ ਦਾ ਇਸਤੇਮਾਲ ਕਰ ਸਕਦੇ ਹਨ। ਇੱਥੇ ਦੱਸਣਯੋਗ ਹੈ ਕਿ ਨੈੱਟਵਰਕ ਵਿਚ ਤਕਨੀਕੀ ਦਿੱਕਤਾਂ ਕਾਰਨ ਰਿਜ਼ਰਵ ਬੈਂਕ ਨੇ ਦਸੰਬਰ 2020 ਵਿਚ ਐੱਚ. ਡੀ. ਐੱਫ. ਸੀ. ਬੈਂਕ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਵੱਲੋਂ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਸੀ। ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਐੱਚ. ਡੀ. ਐੱਫ. ਸੀ. ਬੈਂਕ ਆਪਣੀ ਪ੍ਰਣਾਲੀ ਵਿਚ ਸੁਧਾਰ ਕਰੇ ਉਸ ਪਿੱਛੋਂ ਪਾਬੰਦੀ ਹਟਾਈ ਜਾਵੇਗੀ।