ਹਰਿਆਣਾ ਨੇ ਕਪਾਹ ਦੀ ਖਰੀਦ ਨੂੰ ਲੈ ਕੇ ਵੀ ਕਰ ਦਿੱਤਾ ਇਹ ਐਲਾਨ

09/26/2020 11:33:16 PM

ਚੰਡੀਗੜ੍ਹ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਦੇ ਮਾਧਿਅਮ ਨਾਲ ਪਹਿਲੀ ਅਕਤੂਬਰ 2020 ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਕਪਾਹ ਦੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਪਾਹ ਖਰੀਦ ਕੇਂਦਰਾਂ ਦੀ ਗਿਣਤੀ ਵੀ ਵਧਾਏਗੀ। ਇਸ ਤੋਂ ਪਹਿਲਾਂ ਖੱਟੜ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ 'ਚ ਕਪਾਹ ਦੀ ਖਰੀਦ ਬਾਰੇ ਕੇਂਦਰੀ ਕਪੜਾ ਮੰਤਰੀ ਸਮਰਿਤੀ ਈਰਾਨੀ ਨਾਲ ਬੈਠਕ ਕੀਤੀ।

ਇਹ ਬੈਠਕ ਨਵੀਂ ਦਿੱਲੀ 'ਚ ਹੋਈ। ਬਿਆਨ ਮੁਤਾਬਕ, ਪਿਛਲੇ ਸਾਲ ਹਰਿਆਣਾ 'ਚ 20 ਕਪਾਹ ਖਰੀਦ ਕੇਂਦਰ ਸਨ, ਜਿਸ ਨੂੰ ਇਸ ਸਾਲ ਵਧਾ ਕੇ 40 ਕੀਤਾ ਜਾ ਰਿਹਾ ਹੈ। ਖੱਟੜ ਨੇ ਸਪੱਸ਼ਟ ਕੀਤਾ ਕਿ ਕਪਾਹ ਦੀ ਖਰੀਦ ਪ੍ਰਕਿਰਿਆ ਦੌਰਾਨ 12 ਫੀਸਦੀ ਤੱਕ ਨਮੀ ਦੇ ਪਹਿਲਾਂ ਤੋਂ ਨਿਰਧਾਰਤ ਮਾਪਦੰਢ ਦਾ ਪਾਲਨ ਕੀਤਾ ਜਾਵੇਗਾ ਅਤੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਗੌਰਤਲਬ ਹੈ ਕਿ, ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮਾਂ ਨਾਲ ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਨੇ ਸ਼ਨੀਵਾਰ ਨੂੰ ਸਾਉਣੀ ਦੀ ਫਸਲ ਦੀ ਜਲਦ ਆਮਦ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ 'ਚ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਸ਼ੁਰੂ ਕਰਨ ਦਾ ਐਲਾਨ ਕੀਤਾ। ਉਂਝ, ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ।


Sanjeev

Content Editor

Related News