ਭਾਰਤ ਵਿਚ ਸਸਤਾ ਹੋ ਸਕਦੈ ਹਾਰਲੇ, ਹੀਰੋ ਨਾਲ ਬਣ ਰਿਹੈ ਇਹ ਪਲਾਨ!

06/20/2019 4:02:10 PM

ਨਵੀਂ ਦਿੱਲੀ— ਯੂ. ਐੱਸ. ਦੀ ਹਾਰਲੇ ਡੇਵਿਡਸਨ ਕੰਪਨੀ 250 ਤੇ 500-ਸੀਸੀ ਮੋਟਰਸਾਈਕਲਾਂ ਦਾ ਪ੍ਰਾਡਕਸ਼ਨ ਉਭਰਦੇ ਬਾਜ਼ਾਰਾਂ 'ਚ ਕਰਨ ਦੀ ਯੋਜਨਾ ਤਹਿਤ ਭਾਰਤ ਦੀ ਸਭ ਤੋਂ ਵੱਡੀ ਮੋਟਰਸਾਈਕਲ ਕੰਪਨੀ ਹੀਰੋ ਮੋਟੋ ਕਾਰਪ ਨਾਲ ਗੱਲਬਾਤ ਕਰ ਰਹੀ ਹੈ। ਇਨ੍ਹਾਂ ਦੋਹਾਂ ਦਿੱਗਜਾਂ 'ਚ ਗੱਲਬਾਤ ਅਜੇ ਸ਼ੁਰੂ ਦੇ ਦੌਰ 'ਚ ਹੈ ਅਤੇ ਇਹ ਦੋਵੇਂ ਗਠਜੋੜ ਨੂੰ ਲੈ ਕੇ ਸੰਭਾਵਨਾ ਤਲਾਸ਼ ਰਹੇ ਹਨ, ਜਿਸ ਨਾਲ ਹਾਰਲੇ ਮੋਟਰਸਾਈਕਲ ਭਾਰਤ 'ਚ ਸਸਤੇ ਹੋ ਸਕਦੇ ਹਨ।

 

 

ਮੌਜੂਦਾ ਸਮੇਂ ਪੂਰੀ ਤਰ੍ਹਾਂ ਨਾਲ ਇੰਪੋਰਟਡ ਹਾਰਲੇ ਡੇਵਿਡਸਨ ਮੋਟਰਸਾਈਕਲਾਂ 'ਤੇ 50 ਫੀਸਦੀ ਕਸਟਮ ਡਿਊਟੀ ਲੱਗਦੀ ਹੈ, ਜਿਸ ਕਾਰਨ ਇਹ ਭਾਰਤ 'ਚ ਕਾਫੀ ਮਹਿੰਗੇ ਹਨ। ਜੇਕਰ ਹੀਰੋ ਨਾਲ ਇਸ ਦੀ ਸਾਂਝੇਦਾਰੀ ਹੁੰਦੀ ਹੈ ਤਾਂ ਭਾਰਤ 'ਚ ਇਨ੍ਹਾਂ ਨੂੰ ਬਣਾਉਣ ਦੀ ਲਾਗਤ ਘੱਟ ਹੋਵੇਗੀ ਤੇ ਕੀਮਤਾਂ 'ਚ ਕਾਫੀ ਕਮੀ ਹੋ ਸਕਦੀ ਹੈ। ਹੀਰੋ ਲਈ ਇਹ ਸੌਦਾ ਫਾਇਦੇਮੰਦ ਸਾਬਤ ਹੋਵੇਗਾ ਤੇ ਉਸ ਨੂੰ ਪ੍ਰੀਮੀਅਮ ਮੋਟਰਸਾਈਕਲਾਂ ਦੇ ਬਾਜ਼ਾਰ 'ਚ ਹਿੱਸੇਦਾਰੀ ਜਮਾਉਣ ਦਾ ਮੌਕਾ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ, ਹਾਰਲੇ ਡੇਵਿਡਸਨ ਨੇ ਹੀਰੋ ਮੋਟੋ ਕਾਰਪ ਨਾਲ ਸੰਪਰਕ ਕੀਤਾ ਹੈ ਤੇ ਸੰਭਾਵਤ ਸਾਂਝੇਦਾਰੀ ਲਈ ਪਹਿਲੇ ਦੌਰ ਦੀ ਗੱਲਬਾਤ ਸ਼ੁਰੂ ਕੀਤੀ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2018 'ਚ ਹਾਰਲੇ ਡੇਵਿਡਸਨ ਨੇ ਐਲਾਨ ਕੀਤਾ ਸੀ ਕਿ ਉਹ ਏਸ਼ੀਆ 'ਚ ਉੱਭਰ ਰਹੇ ਬਾਜ਼ਾਰਾਂ ਲਈ ਸਸਤੇ ਤੇ ਛੋਟੇ ਮੋਟਰਸਾਈਕਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਖੇਤਰ 'ਚ ਇਕ ਰਣਨੀਤਕ ਸਾਂਝੇਦਾਰ ਦੀ ਖੋਜ ਕਰ ਰਹੀ ਹੈ। ਇਹ ਖੋਜ ਹੁਣ ਉਸ ਦੀ ਹੀਰੋ ਨਾਲ ਮਿਲ ਕੇ ਪੂਰੀ ਹੋ ਸਕਦੀ ਹੈ। ਹਾਲਾਂਕਿ ਖਬਰਾਂ ਮੁਤਾਬਕ, ਇਨ੍ਹਾਂ ਦੋਹਾਂ ਵਿਚਕਾਰ ਗੱਲਬਾਤ ਸ਼ੁਰੂ ਦੇ ਦੌਰ 'ਚ ਹੈ ਤੇ ਜੇਕਰ ਹਾਰਲੇ-ਹੀਰੋ 'ਚ ਗੱਲਬਾਤ ਬਣਦੀ ਹੈ ਤਾਂ ਦੋਹਾਂ ਨੂੰ ਇਕ-ਦੂਜੇ ਦੇ ਬਾਜ਼ਾਰਾਂ ਦਾ ਫਾਇਦਾ ਮਿਲੇਗਾ। ਇਸ ਨਾਲ ਹੀਰੋ ਨੂੰ ਉਨ੍ਹਾਂ ਖੇਤਰਾਂ ਤਕ ਪਹੁੰਚ ਵਧਾਉਣ 'ਚ ਮਦਦ ਮਿਲ ਸਕਦੀ ਹੈ ਜਿੱਥੇ ਉਹ ਆਪਣੀ ਮੌਜੂਦਗੀ ਦਾ ਵਿਸਥਾਰ ਕਰਨਾ ਚਾਹੁੰਦੀ ਹੈ।


Related News