USA ਰਿਜ਼ਰਵ ਬੈਂਕ ਦੀ ਸਖ਼ਤੀ, Bitcoin ਲਈ ਆਉਣ ਵਾਲਾ ਹੈ ਮੁਸ਼ਕਲ ਸਮਾਂ
Saturday, May 22, 2021 - 01:33 PM (IST)
ਵਾਸ਼ਿੰਗਟਨ- ਕ੍ਰਿਪਟੋਕਰੰਸੀ ਵਿਚ ਜਲਦ ਤੋਂ ਜਲਦ ਅਮੀਰ ਬਣਨ ਦੇ ਲਾਲਚ ਵਿਚ ਪੈਸਾ ਲਾ ਰਹੇ ਹੋ ਤਾਂ ਕੰਗਾਲ ਹੋ ਸਕਦੇ ਹੋ। ਬਿਟਕੁਆਇਨ ਲਈ ਅੱਗੇ ਜਾ ਕੇ ਮੁਸ਼ਕਲ ਸਮਾਂ ਆਉਣ ਵਾਲਾ ਹੈ। ਰਿਜ਼ਰਵ ਬੈਂਕ ਹੁਣ ਖ਼ੁਦ ਦੀ ਡਿਜੀਟਲ ਕਰੰਸੀ ਦਾ ਰਾਹ ਤਲਾਸ਼ ਰਹੇ ਹਨ। ਯੂ. ਐੱਸ. ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਨੇ ਵੀ ਕ੍ਰਿਪਟੋਕਰੰਸੀ ਲਈ ਸਖ਼ਤ ਨਿਯਮ ਬਣਾਉਣ ਦੇ ਸੰਕੇਤ ਦਿੱਤੇ ਹਨ।
ਪਾਵੇਲ ਨੇ ਇਕ ਵੀਡੀਓ ਸੰਦੇਸ਼ ਵਿਚ ਕ੍ਰਿਪਟੋਕਰੰਸੀ ਦੇ ਜੋਖ਼ਮਾਂ ਨੂੰ ਲੈ ਕੇ ਸੁਚੇਤ ਕੀਤਾ ਹੈ। ਇਸ ਦੇ ਨਾਲ ਹੀ ਫੈਡ ਖ਼ੁਦ ਦੀ ਡਿਜੀਟਲ ਕਰੰਸੀ ਲਿਆਉਣ ਦੀ ਸੰਭਾਵਨਾ ਦੀ ਪੜਤਾਲ ਕਰ ਰਿਹਾ ਹੈ, ਜਿਸ ਤੋਂ ਪਹਿਲਾਂ ਗੈਰ-ਰੈਗੂਲੇਟਡ ਕ੍ਰਿਪਟੋਕਰੰਸੀਜ਼ ਲਈ ਸਖ਼ਤ ਦਿਸ਼ਾ-ਨਿਰਦੇਸ਼ ਤੇ ਨਿਯਮ ਬਣਾਏ ਜਾ ਸਕਦੇ ਹਨ ਕਿਉਂਕਿ ਇਸ ਨਾਲ ਵਿੱਤੀ ਸਥਿਰਤਾ ਲਈ ਜੋਖ਼ਮ ਵੱਧ ਰਿਹਾ ਹੈ।
ਪਾਵੇਲ ਨੇ ਕਿਹਾ ਹੈ ਕਿ ਫੈਡ ਇਸ ਗਰਮੀਆਂ ਵਿਚ ਇਕ ਚਰਚਾ ਪੇਪਰ ਜਾਰੀ ਕਰੇਗਾ, ਜਿਸ ਵਿਚ ਡਿਜੀਟਲ ਕਰੰਸੀ ਸਥਾਪਤ ਕਰਨ ਦੇ ਫਾਇਦਿਆਂ ਅਤੇ ਜੋਖਮਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਨਾਲ ਹੀ ਜਨਤਕ ਟਿੱਪਣੀਆਂ ਵੀ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕ੍ਰਿਪਟੋਕਰੰਸੀ ਨੇ ਹੁਣ ਤੱਕ ਭੁਗਤਾਨ ਵਿਚ ਸੁਵਿਧਾਜਨਕ ਤਰੀਕੇ ਨਾਲ ਕੰਮ ਨਹੀਂ ਕੀਤਾ ਹੈ ਕਿਉਂਕਿ ਇਸ ਦੀ ਕੀਮਤ ਬਹੁਤ ਤੇਜ਼ੀ ਨਾਲ ਘਟਦੀ-ਵਧਦੀ ਹੈ। ਉੱਥੇ ਹੀ, ਜਿੱਥੇ ਫੈਡ ਤੇ ਕੁਝ ਹੋਰ ਵਿਕਸਤ ਦੇਸ਼ ਅਜੇ ਵੀ ਇਸ ਬਾਰੇ ਵਿਚਾਰ ਕਰ ਰਹੇ ਹਨ ਕਿ ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ ਕਿਸ ਤਰ੍ਹਾਂ ਦੀ ਹੋਵੇ, ਚੀਨ ਇਸ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ 2022 ਵਿੰਟਰ ਓਲੰਪਿਕਸ ਤੋਂ ਪਹਿਲਾਂ ਯੂਆਨ ਦਾ ਡਿਜੀਟਲ ਸੰਸਕਰਣ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸ ਰਿਹਾ ਹੈ।