ਹੈਪੀਏਸਟ ਮਾਈਂਡ ਨੂੰ ਮੋਟਾ ਮੁਨਾਫਾ, ਕੰਪਨੀ ਦੇ ਸਟਾਕਸ 'ਤੇ ਹੋਵੇਗੀ ਹੁਣ ਨਜ਼ਰ

Thursday, May 13, 2021 - 01:54 PM (IST)

ਨਵੀਂ ਦਿੱਲੀ- ਬਾਜ਼ਾਰ ਵਿਚ ਲਿਸਟਡ ਕੰਪਨੀਆਂ ਵੱਲੋਂ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੀ ਕਮਾਈ ਦੇ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਸਟਾਕਸ ਨਿਵੇਸ਼ਕਾਂ ਇਨ੍ਹਾਂ ਨੂੰ ਗੌਰ ਨਾਲ ਵੇਖ ਰਹੇ ਹਨ ਅਤੇ ਇਸ ਦੇ ਆਧਾਰ 'ਤੇ ਸਬੰਧਤ ਕੰਪਨੀਆਂ ਦੇ ਸ਼ੇਅਰ ਘੱਟ-ਵੱਧ ਰਹੇ ਹਨ। ਇਸ ਵਿਚਕਾਰ ਆਈ. ਟੀ. ਕੰਪਨੀ ਹੈਪੀਏਸਟ ਮਾਈਂਡ ਤਕਨਾਲੋਜੀ ਲਿਮਟਿਡ ਨੇ ਵੀ ਵਿੱਤੀ ਨਤੀਜੇ ਜਾਰੀ ਕਰ ਦਿੱਤੇ ਹਨ।

ਹੈਪੀਏਸਟ ਮਾਈਂਡ ਨੇ ਮਾਰਚ 2021 ਦੀ ਤਿਮਾਹੀ ਵਿਚ ਕਈ ਗੁਣਾ ਵੱਧ 36.05 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਦੇ ਨਤੀਜਿਆਂ ਤੋਂ ਬਾਅਦ ਸ਼ੇਅਰ ਨਿਵੇਸ਼ਕ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ। ਕੰਪਨੀ ਦੇ ਕੁੱਲ ਮਾਲੀਆ ਦਾ ਲਗਭਗ 97 ਫ਼ੀਸਦੀ ਡਿਜੀਟਲ ਕਮਾਈ ਤੋਂ ਆਉਂਦਾ ਹੈ।

ਪਿਛਲੇ ਸਾਲ ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਤੇ ਸੂਚੀਬੱਧ ਹੋਣ ਵਾਲੀ ਕੰਪਨੀ ਨੇ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 5.30 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹਾਸਲ ਕੀਤਾ ਸੀ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਉਸ ਦੀ ਆਮਦਨ 220.71 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 186.35 ਕਰੋੜ ਰੁਪਏ ਦੇ ਮੁਕਾਬਲੇ 18.4 ਫ਼ੀਸਦੀ ਜ਼ਿਆਦਾ ਹੈ। ਹੈਪੀਏਸਟ ਮਾਈਂਡ ਤਕਨਾਲੋਜੀ ਦੇ ਕਾਰਜਕਾਰੀ ਮੁਖੀ ਅਸ਼ੋਕ ਸੂਤਾ ਨੇ ਕਿਹਾ, ''ਵਿੱਤੀ ਸਾਲ 2020-21 ਦੀ ਸਭ ਤੋਂ ਵੱਡੀ ਗੱਲ ਸਾਡਾ ਸਫਲ ਆਈ. ਪੀ. ਸੀ। ਵਿੱਤੀ ਸਾਲ 2021-22 ਵਿਚ ਅਸੀਂ ਕਾਰੋਬਾਰ ਵਿਚ 20 ਫ਼ੀਸਦੀ ਵਾਧਾ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ, ਜਿਵੇਂ ਕਿ ਆਈ. ਪੀ. ਓ. ਸਮੇਂ ਜ਼ਿਕਰ ਕੀਤਾ ਗਿਆ ਸੀ।''


Sanjeev

Content Editor

Related News