ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲੀ : ਸ਼ਕਤੀਕਾਂਤ ਦਾਸ
Friday, Jun 23, 2023 - 10:32 AM (IST)
ਮੁੰਬਈ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਹੀਨੇ ਦੀ ਸ਼ੁਰੂਆਤ ’ਚ ਹੋਈ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ’ਚ ਨੀਤੀਗਤ ਦਰ ਨੂੰ ਸਥਿਰ ਰੱਖਣ ਦੀ ਵਕਾਲਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲ ਸਕੀ ਹੈ। ਬੀਤੀ ਛੇ-ਅੱਠ ਜੂਨ ਨੂੰ ਹੋਈ ਐੱਮ. ਪੀ. ਸੀ. ਬੈਠਕ ’ਚ ਨੀਤੀਗਤ ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਲਗਾਤਾਰ ਦੂਜਾ ਮੌਕਾ ਸੀ ਜਦੋਂ ਰੇਪੋ ਦਰ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਪੜ੍ਹੋ ਇਹ ਵੀ - ਸੇਬੀ ਦਾ ਵੱਡਾ ਐਕਸ਼ਨ, ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਨੂੰ ਲੈ ਕੇ 135 ਸੰਸਥਾਵਾਂ ’ਤੇ ਲਾਈ ਪਾਬੰਦੀ
ਐੱਮ. ਪੀ. ਸੀ. ਬੈਠਕ ਦੇ ਵੇਰਵੇ ਮੁਤਾਬਕ ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਭਾਰਤ ਦੇ ਮੈਕਰੋ ਆਰਥਿਕ ਆਧਾਰ ਮਜ਼ਬੂਤ ਹੋ ਰਹੇ ਹਨ ਅਤੇ ਵਾਧੇ ਦੀਆਂ ਸੰਭਾਵਨਾਵਾਂ ਲਗਾਤਾਰ ਬਿਹਤਰ ਹੋ ਰਹੀਆਂ ਹਨ ਅਤੇ ਉਨ੍ਹਾਂ ਦਾ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਨੇ ਬੈਠਕ ’ਚ ਕਿਹਾ ਕਿ ਮਹਿੰਗਾਈ ਘੱਟ ਹੋਈ ਹੈ ਅਤੇ ਬਾਹਰੀ ਖੇਤਰ ਦਾ ਦ੍ਰਿਸ਼ ਬਿਹਤਰ ਹੋਇਆ ਹੈ। ਬੈਂਕਾਂ ਅਤੇ ਕੰਪਨੀਆਂ ਦੇ ਵਹੀਖਾਤੇ ਲਚਕੀਲੇ ਅਤੇ ਸਿਹਤਮੰਦ ਦਿਖਾਈ ਦਿੰਦੇ ਹਨ, ਜਿਸ ਨਾਲ ਵਿਕਾਸ ਲਈ ਦੋਹਰੇ ਵਹੀਖਾਤਾ ਲਾਭ ਦੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ।