ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ

Friday, Apr 29, 2022 - 04:23 PM (IST)

ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ

ਚੀਨ ’ਚ ਵੱਖ-ਵੱਖ ਤਰ੍ਹਾਂ ਦੇ ਭੋਜਨ ਤਿਆਰ ਹੁੰਦੇ ਹਨ। ਖਾਣ-ਪੀਣ ’ਚ ਹਰ ਸੂਬੇ ਦੀ ਆਪਣੀ ਖੂਬੀ ਅਤੇ ਆਪਣਾ ਭੋਜਨ ਹੈ। ਇਸ ਨੂੰ ਚੀਨ ਦੇ ਲੋਕ ਬਹੁਤ ਚਾਅ ਨਾਲ ਖਾਂਦੇ ਹਨ। ਇਕ ਪਾਸੇ ਉੱਤਰੀ ਅਤੇ ਦੂਰ-ਦਰਾਜ ਦੇ ਉੱਤਰੀ ਚੀਨ ਦੇ ਪਕਵਾਨ ਹਨ ਜਿਸ ’ਚ ਤੇਲ ਮਸਾਲੇ ਘੱਟ ਪਾਏ ਜਾਂਦੇ ਹਨ ਅਤੇ ਉਹ ਭੋਜਨ ਉਬਲਿਆ ਹੋਇਆ ਹੁੰਦਾ ਹੈ ਤਾਂ ਦੂਜੇ ਪਾਸੇ ਦੱਖਣੀ ਸਮੁੰਦਰੀ ਕੰਢੇ ਦੇ ਚੀਨ ਦੇ ਪਕਵਾਨਾਂ ’ਚ ਮਸਾਲੇ ਵੀ ਬਹੁਤ ਪੈਂਦੇ ਹਨ ਅਤੇ ਤੇਲ ਵੀ ਵੱਡੀ ਮਾਤਰਾ ’ਚ ਪਾਇਆ ਜਾਂਦਾ ਹੈ।

ਚੀਨ ਦੇ ਪਕਵਾਨਾਂ ’ਚ ਤਲੇ-ਭੁੱਜੇ ਭੋਜਨ ਦੀ ਆਪਣੀ ਅਹਿਮੀਅਤ ਹੈ। ਪਿਛਲੇ ਤਿੰਨ ਦਹਾਕਿਅਾਂ ’ਚ ਚੀਨ ’ਚ ਜਿਵੇਂ-ਜਿਵੇਂ ਆਰਥਿਕ ਤਰੱਕੀ ਆਈ ਹੈ, ਚੀਨੀਅਾਂ ਦੇ ਪਕਵਾਨਾਂ ’ਚ ਤੇਲ ਦੀ ਮਾਤਰਾ ਵੀ ਵਧੀ ਹੈ। ਜੇ ਅਸੀਂ ਗੱਲ ਕਰੀਏ ਕਿ ਚੀਨ ’ਚ ਲੋਕ ਭੋਜਨ ’ਚ ਕਿਹੜਾ ਤੇਲ ਸਭ ਤੋਂ ਵੱਧ ਪਸੰਦ ਕਰਦੇ ਹਨ ਤਾਂ ਇਸ ਦਾ ਜਵਾਬ ਹੈ ਕਿ ਵੱਖ-ਵੱਖ ਸੂਬਿਅਾਂ ’ਚ ਵੱਖ-ਵੱਖ ਤੇਲ ਦੀ ਵਰਤੋਂ ਭੋਜਨ ਤਿਆਰ ਕਰਨ ’ਚ ਕੀਤੀ ਜਾਂਦੀ ਹੈ।

ਉੱਤਰੀ-ਪੂਰਬੀ ਚੀਨ ’ਚ ਚੀਲਿਨਏ ਹੇਈਲੋਂਗਚਿਆਂਗ ਅਤੇ ਲਿਆਓਨਿੰਗ ਸੂਬੇ ’ਚ ਸੋਇਆਬੀਨ ਦੇ ਤੇਲ ਦੀ ਵੱਡੀ ਮਾਤਰਾ ’ਚ ਵਰਤੋਂ ਕੀਤੀ ਜਾਂਦੀ ਹੈ। ਦੂਰ-ਦਰਾਜ ਦੱਖਣ ਦੇ ਕਵਾਂਗਤੁੰਗ, ਫੂਈਚਾਂਗ ਅਤੇ ਕਵਾਂਗਸ਼ੀ ਚਿਆਂਗ ਖੁਦਮੁਖਤਾਰ ਸੂਬਿਅਾਂ ’ਚ ਮੂੰਗਫਲੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਬਾਕੀ ਚੀਨ ਦੇ ਚਿਅਾਂਗ, ਚਚਿਆਂਗ, ਆਨਹੁਈ, ਚਿਆਂਗਸ਼ੀ, ਹੂਨਾਨ, ਸੱਛਾਨ, ਕੁਈਚੋ, ਯੂਨਾਨ, ਸ਼ਾਨਸੀ, ਕਾਨਸੂਏ, ਛਿੰਗਹਾਈ ਅਤੇ ਸ਼ਿਨਚਿਅਾਂਗ ਸੂਬਿਅਾਂ ’ਚ ਕੋਨੋਲਾ ਤੇਲ ਦੀ ਵਰਤੋਂ ਹੁੰਦੀ ਹੈ। ਚੀਨ ’ਚ ਜਿਵੇਂ-ਜਿਵੇਂ ਸ਼ਹਿਰੀਕਰਨ ਵਧਦਾ ਗਿਆ, ਤਿਵੇਂ-ਤਿਵੇਂ ਚੀਨ ’ਚ ਹਰ ਤਰ੍ਹਾਂ ਦਾ ਤੇਲ ਖਾਣ ਦਾ ਰਿਵਾਜ਼ ਵੀ ਵਧਦਾ ਗਿਆ। ਇਨ੍ਹਾਂ ਤੇਲਾਂ ’ਚ ਰਾਈਸ ਬ੍ਰਾਨ ਤੇਲ, ਸੂਰਜਮੁਖੀ ਦੇ ਬੀਜ ਦਾ ਤੇਲ ਵੀ ਪ੍ਰਮੁੱਖਤਾ ਨਾਲ ਵਰਤਿਆ ਜਾਂਦਾ ਹੈ।

ਚੀਨ ’ਚ ਤੇਲ ਦੀ ਮੰਗ ਵਧਣ ਦੇ ਨਾਲ-ਨਾਲ ਹਰ ਤਰ੍ਹਾਂ ਦਾ ਤੇਲ ਬਾਜ਼ਾਰ ’ਚ ਉਪਲਬਧ ਹੈ। ਇਸ ਸਮੇਂ ਚੀਨ ’ਚ 44 ਫੀਸਦੀ ਲੋਕ ਸੋਇਆਬੀਨ ਦੇ ਤੇਲ ਦੀ ਵਰਤੋਂ ਕਰਦੇ ਹਨ। 24 ਫੀਸਦੀ ਲੋਕ ਕੋਨੋਲਾ ਤੇਲ, 18 ਫੀਸਦੀ ਲੋਕ ਪਾਮ ਤੇਲ ਅਤੇ 9 ਫੀਸਦੀ ਲੋਕ ਮੂੰਗਫਲੀ ਦੇ ਤੇਲ ਦੀ ਵਰਤੋਂ ਕਰਦੇ ਹਨ। ਬਾਕੀ ਦੇ ਬਚੇ 5 ਫੀਸਦੀ ਵਿਅਕਤੀ ਕਪਾਹ ਦੇ ਬੀਜ ਦਾ ਤੇਲ, ਸੂਰਜਮੁਖੀ ਦਾ ਤੇਲ, ਤਿਲਾਂ ਦਾ ਤੇਲ, ਕੈਮੇਲੀਆ ਦਾ ਤੇਲ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹਨ। ਸਮੇਂ ਦੇ ਨਾਲ-ਨਾਲ ਇਨ੍ਹਾਂ ਤੇਲਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਵੀ ਤਬਦੀਲੀ ਆਉਣ ਲੱਗੀ।

ਚੀਨ ’ਚ ਤਿੰਨ ਦਹਾਕੇ ਪਹਿਲਾਂ ਹਾਲਾਤ ਅਜਿਹੇ ਨਹੀਂ ਸਨ। ਪਿੰਡਾਂ ਦੇ ਲੋਕ ਜਾਂ ਤਾਂ ਸੂਰ ਦੀ ਚਰਬੀ ਪਿਘਲਾ ਕੇ ਤੇਲ ਦੇ ਰੂਪ ’ਚ ਵਰਤਦੇ ਸਨ ਜਾਂ ਫਿਰ ਕੋੋਨੋਲਾ ਦੇ ਬੀਜਾਂ ਨੂੰ ਕੁੱਟ ਕੇ ਕੱਢੇ ਗਏ ਤੇਲ ਦੀ ਵਰਤੋਂ ਕਰਦੇ ਸਨ। ਪਿਛਲੇ 30 ਸਾਲ ’ਚ ਚੀਨ ’ਚ ਤੇਲ ਦੀ ਮੰਗ ਜਿਸ ਤੇਜ਼ੀ ਨਾਲ ਵਧੀ ਹੈ, ਉਸ ਤੇਜ਼ੀ ਨਾਲ ਉਤਪਾਦਨ ਨਹੀਂ ਵਧਿਆ, ਜਿਸ ਕਾਰਨ ਵੱਡੀ ਗਿਣਤੀ ’ਚ ਲੋਕ ਤੇਲ ਰੈਸਟੋਰਟਾਂ ਦੇ ਗਟਰ ’ਚੋਂ ਕੱਢ ਕੇ ਉਸ ਨੂੰ ਵੱਖ-ਵੱਖ ਤਰੀਕਿਅਾਂ ਨਾਲ ਠੀਕ ਕਰ ਕੇ ਦੁਬਾਰਾ ਵਰਤੋਂ ’ਚ ਲਿਆਉਂਦੇ ਹਨ। ਚੀਨ ’ਚ ਕੁਝ ਲੋਕ ਇਸ ਧੰਦੇ ਕਾਰਨ ਮਾਲਾਮਾਲ ਹੋ ਗਏ ਹਨ। ਲੋਕ ਨਾ ਸਿਰਫ ਰੈਸਟੋਰੈਂਟਾਂ ਨੇੜੇ ਗਟਰ ’ਚੋਂ ਤੇਲ ਇਕੱਠਾ ਕਰਦੇ ਹਨ ਸਗੋਂ ਸ਼ਹਿਰ ਦੇ ਉਸ ਹਰ ਇਲਾਕੇ ਦੇ ਗਟਰ ’ਚੋਂ ਤੇਲ ਇਕੱਠਾ ਕਰਦੇ ਹਨ ਜਿਥੇ ਵੱਡੀ ਗਿਣਤੀ ’ਚ ਰੈਸਟੋਰੈਂਟ ਹਨ।

ਉਕਤ ਵਿਅਕਤੀ ਇਸ ਤੇਲ ਨੂੰ ਆਪਣੀਅਾਂ ਕੱਚੀਅਾਂ ਫੈਕਟਰੀਅਾਂ ’ਚ ਲਿਜਾ ਕੇ ਗਰਮ ਕਰਦੇ ਹਨ, ਫਿਰ ਕੁਝ ਹੋਰਨਾਂ ਤਰੀਕਿਅਾਂ ਨਾਲ ਉਸ ਨੂੰ ਸਾਫ ਕਰਦੇ ਹਨ। ਬਾਅਦ ’ਚ ਡੱਬਿਅਾਂ ’ਚ ਭਰ ਕੇ ਛੋਟੇ-ਛੋਟੇ ਰੈਸਟੋਰੈਂਟਾਂ ਅਤੇ ਹੋਰਨਾਂ ਨੂੰ ਵੇਚ ਦਿੰਦੇ ਹਨ। ਇਸ ਤਰ੍ਹਾਂ ਦੇ ਤੇਲ ਨੂੰ ਖਾਣ ਨਾਲ ਜਿਗਰ, ਗੁਰਦੇ, ਪਿੱਤਾ, ਅੰਤੜੀਅਾਂ ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।

ਵੁਹਾਨ ਦੇ ਫੂਡ ਸਾਇੰਸ ਐਂਡ ਇੰਜੀਨੀਅਿਰੰਗ ਟੈਕਨਾਲੌਜੀ ਇੰਸਟੀਚਿਊਟ ਦੇ ਇਕ ਵਿਗਿਆਨੀ ਨੇ ਕਿਹਾ ਕਿ ਹਰ ਸਾਲ ਚੀਨ ’ਚ 20 ਤੋਂ 30 ਲੱਖ ਟਨ ਤੇਲ ਗਟਰ ’ਚੋਂ ਕੱਢਿਆ ਜਾਂਦਾ ਹੈ ਅਤੇ ਇਹੀ ਤੇਲ ਮੁੜ ਕੇ ਵੱਖ-ਵੱਖ ਰੈਸਟੋਰੈਂਟਾਂ ਦੇ ਭੋਜਨ ਦੇ ਟੇਬਲ ’ਤੇ ਪਹੁੰਚਦਾ ਹੈ।

ਚੀਨ ’ਚ ਪਿਛਲੇ ਕੁਝ ਸਾਲਾਂ ’ਚ ਵਨਸਪਤੀ ਅਤੇ ਜਾਨਵਰਾਂ ਦੀ ਚਰਬੀ ਤੋਂ ਬਣੇ ਤੇਲ ਦੀ ਖਪਤ ਲਗਭਗ 2 ਕਰੋੜ 25 ਲੱਖ ਟਨ ਹੈ। ਚੀਨ ’ਚ 15 ਫੀਸਦੀ ਰੈਸਟੋਰੈਂਟਾਂ ਗਟਰ ’ਚੋਂ ਕੱਢੇ ਗਏ ਤੇਲ ਨਾਲ ਭੋਜਨ ਤਿਆਰ ਕਰਦੇ ਹਨ। ਭਾਵ ਇਹ ਹੈ ਕਿ ਚੀਨ ’ਚ ਜੇ ਕੋਈ ਵਿਅਕਤੀ 10 ਵਾਰ ਬਾਹਰੋਂ ਭੋਜਨ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ ਇਕ ਵਾਰ ਭੋਜਨ ’ਚ ਗਟਰ ਵਾਲਾ ਤੇਲ ਖਾਣ ਨੂੰ ਮਿਲੇਗਾ।

ਗਟਰ ’ਚੋਂ ਕੱਢੇ ਜਾਣ ਵਾਲੇ ਤੇਲ ਨੂੰ ਰੈਸਟੋਰੈਂਟ ਦੀ ਰਸੋਈ ਵਾਲੇ ਗਟਰ ’ਚੋਂ ਕੱਢਿਆ ਜਾਂਦਾ ਹੈ। ਉਸ ’ਚ ਭਾਰੀ ਮਾਤਰਾ ’ਚ ਸੀਸਾ ਅਤੇ ਹੋਰ ਧਾਤਾਂ ਦੇ ਅੰਸ਼ ਪਾਏ ਜਾਂਦੇ ਹਨ। ਇਸ ਨੂੰ ਚੀਨ ਦੇ ਛੋਟੇ ਅਤੇ ਗੈਰ-ਕਾਨੂੰਨੀ ਤੇਲ, ਸੋਧ ਕਾਰਖਾਨੇ ਵੀ ਨਹੀਂ ਕੱਢ ਸਕਦੇ। ਇਸ ਤਰ੍ਹਾਂ ਇਹ ਇਨਸਾਨ ਦੇ ਪੇਟ ’ਚ ਚਲੇ ਜਾਂਦੇ ਹਨ। ਅਜਿਹਾ ਤੇਲ ਖਾਣ ਨਾਲ ਸਰੀਰ ’ਚ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਹੋਣ ਦਾ ਖਦਸ਼ਾ ਬਹੁਤ ਵਧ ਜਾਂਦਾ ਹੈ।

ਚੀਨ ’ਚ ਗਟਰ ਵਾਲੇ ਤੇਲ ਸੰਬੰਧੀ ਲੋਕਾਂ ਨੂੰ ਜਾਣਕਾਰੀ ਦੇਣੀ ਬਹੁਤ ਖਤਰਨਾਕ ਕੰਮ ਹੈ। ਇਸ ’ਚ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। 2012 ਸੰਨ ’ਚ 9 ਅਪ੍ਰੈਲ ਵਾਲੇ ਦਿਨ ਤਸੋ ਫੂ ਨਾਮੀ ਇਕ ਪ੍ਰਸਿੱਧ ਟੀ.ਵੀ. ਨਿਊਜ਼ ਐਂਕਰ ਨੇ ਆਪਣੇ ਅਕਾਊਂਟ ’ਤੇ ਇਕ ਸੰਦੇਸ਼ ਲਿਖਿਆ ਕਿ ਲੋਕ ਪੁਰਾਣੀ ਦਹੀਂ ਅਤੇ ਜੈਲੀ ਨਾ ਖਾਣ। ਖਾਸ ਕਰ ਕੇ ਬੱਚੇ ਬਿਲਕੁਲ ਨਾ ਖਾਣ। ਨਹੀਂ ਤਾਂ ਉਨ੍ਹਾਂ ਦੀ ਸਿਹਤ ’ਤੇ ਗੰਭੀਰ ਅਸਰ ਹੋਵੇਗਾ। ਮੈਂ ਇਸ ਤੋਂ ਵਧ ਹੋਰ ਕੁਝ ਨਹੀਂ ਲਿਖ ਸਕਦਾ। ਇਸ ਸੰਦੇਸ਼ ਨੂੰ ਬਹੁਤ ਥੋੜ੍ਹੇ ਸਮੇਂ ’ਚ ਇਕ ਲੱਖ 30 ਹਜ਼ਾਰ ਲੋਕਾਂ ਨੇ ਦੇਖਿਆ।

ਇਸ ਤੋਂ ਕੁਝ ਸਮੇਂ ਬਾਅਦ ਹੀ ਇਕਨਾਮਿਕ ਆਬਜ਼ਰਵਰ ਨਾਮੀ ਇਕ ਅਖਬਾਰ ਦੇ ਖੋਜੀ ਪੱਤਰਕਾਰ ਨੇ ਆਪਣੇ ਸੀਨਾ ਬੇਈਬੋ ਅਕਾਊਂਟ ’ਤੇ ਲਿਖਿਆ ਕਿ ਇਕ ਦਿਨ ਤੁਹਾਡੇ ਵਲੋਂ ਸੁੱਟੀ ਗਈ ਚਮੜੇ ਦੀ ਜੁੱਤੀ ਪਲਕ ਝਪਕਦਿਅਾਂ ਹੀ ਤੁਹਾਡੇ ਪੇਟ ’ਚ ਚਲੀ ਜਾਵੇਗੀ। ਅਜਿਹੀ ਪੋਸਟ ਲਿਖਣ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ। ਫੂਕੋ ਨੂੰ ਉਸ ਕੌਮੀ ਟੀ.ਵੀ. ਨਿਊਜ਼ ਚੈਨਲ ਤੋਂ ਹਟਾ ਦਿੱਤਾ ਗਿਆ ਜਿਥੇ ਉਹ ਕੰਮ ਕਰਦਾ ਸੀ। ਚਾਰ ਮਹੀਨੇ ਬਾਅਦ ਉਹ ਇਕ ਦੂਜੇ ਟੀ.ਵੀ. ਚੈਨਲ ’ਤੇ ਨਜ਼ਰ ਆਉਣ ਲੱਗਾ ਪਰ ਤਿੰਨ ਸਾਲ ਬਾਅਦ ਉਸ ਨੂੰ ਉਥੋਂ ਵੀ ਅਸਤੀਫਾ ਦੇਣਾ ਪਿਆ।

ਸਾਲ 2010 ’ਚ ਚੀਨ ਦੀ ਕੌਮੀ ਕੌਂਸਲ ਨੇ ਇਕ ਹੁਕਮ ਜਾਰੀ ਕਰ ਕੇ ਵਰਤੇ ਗਏ ਤੇਲ ਅਤੇ ਰੈਸਟੋਰੈਂਟ ਦੀ ਰਸੋਈ ਘਰ ਤੋਂ ਨਿਕਲੇ ਕੂੜੇ ਦੇ ਪ੍ਰਬੰਧ ਲਈ ਕਾਨੂੰਨ ਬਣਾਏ ਪਰ ਇਹ ਕਾਨੂੰਨ ਸਿਰਫ ਕਾਗਜ਼ਾਂ ’ਚ ਹੀ ਸਿਮਟ ਕੇ ਰਹਿ ਗਏ। ਇਸ ਹੁਕਮ ਦੇ ਲਾਗੂ ਹੋਣ ਤੋਂ 10 ਸਾਲ ਬਾਅਦ ਵੀ ਚੀਨ ’ਚ ਤੇਲ ਦੀ ਸਮੱਸਿਆ ਪਹਿਲਾਂ ਵਰਗੀ ਹੀ ਹੈ। ਉਥੇ ਅੱਜ ਵੀ ਜ਼ੋਰ-ਸ਼ੋਰ ਨਾਲ ਰੈਸਟੋਰੈਂਟਾਂ ’ਚ ਗਟਰ ਵਾਲੇ ਤੇਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ’ਚ ਚੀਨ ਦੀ ਸਰਕਾਰ ਪੂਰੀ ਤਰ੍ਹਾਂ ਅਸਮਰਥ ਨਜ਼ਰ ਆਉਂਦੀ ਹੈ।


author

Harinder Kaur

Content Editor

Related News