ਮਾਸਕੋ ਤੋਂ ਗੋਆ ਜਾਣ ਵਾਲੀ ਫਲਾਈਟ ਦੀ ਜਾਮਨਗਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ, ਬੰਬ ਹੋਣ ਦਾ ਖਦਸ਼ਾ

Tuesday, Jan 10, 2023 - 02:27 PM (IST)

ਜਾਮਨਗਰ/ਪਣਜੀ- ਮਾਸਕੋ ਤੋਂ ਗੋਆ ਜਾ ਰਹੇ ਇਕ ਜਹਾਜ਼ 'ਚ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚ ਗੁਜਰਾਤ ਦੇ ਜਾਮਨਗਰ 'ਚ ਸੋਮਵਾਰ ਦੀ ਰਾਤ ਉਤਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਜਨਰਲ (ਰਾਜਕੋਟ ਅਤੇ ਜਾਮਨਗਰ ਰੇਂਜ) ਅਸ਼ੋਕ ਕੁਮਾਰ ਯਾਦਵ ਨੇ ਕਿਹਾ ਕਿ ਸਾਰੇ 236 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ 'ਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ, ਪੁਲਸ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ-ਨਾਲ ਸਥਾਨਕ ਅਧਿਕਾਰੀ ਜਾਂਚ ਕਰ ਰਹੇ ਹਨ।
ਯਾਦਵ ਨੇ ਕਿਹਾ ਕਿ ਮਾਸਕੋ ਤੋਂ ਗੋਆ ਜਾ ਰਹੇ ਜਹਾਜ਼ 'ਚ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਕਾਰਨ ਜਾਮਨਗਰ ਹਵਾਈ ਅੱਡੇ 'ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ 236 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ, ਬੀ.ਡੀ.ਡੀ.ਐੱਸ (ਬੰਬ ਨਿਰੋਧਕ ਦਸਤਾ) ਅਤੇ ਸਥਾਨਕ ਅਧਿਕਾਰੀ ਪੂਰੇ ਜਹਾਜ਼ ਦੀ ਤਲਾਸ਼ੀ ਲੈ ਰਹੇ ਹਨ।
ਇਸ ਦੌਰਾਨ ਗੋਆ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਮਾਸਕੋ ਤੋਂ ਉਡਾਣ ਭਰਨ ਤੋਂ ਬਾਅਦ ਡਾਬੋਲਿਮ ਹਵਾਈ ਅੱਡੇ 'ਤੇ ਉਤਰਨ ਵਾਲਾ ਸੀ ਪਰ ਬੰਬ ਦੇ ਡਰ ਕਾਰਨ ਉਸ ਨੂੰ ਜਾਮਨਗਰ ਵੱਲ ਮੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗੋਆ ਪੁਲਸ ਨੇ ਸਾਵਧਾਨੀ ਦੇ ਤੌਰ 'ਤੇ ਡਾਬੋਲਿਨ ਹਵਾਈ ਅੱਡੇ ਅਤੇ ਉਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। 
ਪੁਲਸ ਸਬ-ਇੰਸਪੈਕਟਰ (ਵਾਸਕੋ) ਸਲੀਮ ਸ਼ੇਖ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਾਸਕੋ ਤੋਂ ਰਵਾਨਾ ਹੋਏ ਜਹਾਜ਼ ਨੂੰ ਡਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ ਪਰ ਬੰਬ ਦੀ ਧਮਕੀ ਕਾਰਨ ਉਸ ਨੂੰ ਜਾਮਨਗਰ ਵੱਲ ਮੋੜ ਦਿੱਤਾ ਗਿਆ ਸੀ। ਹਵਾਈ ਅੱਡੇ 'ਤੇ ਸਭ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰੱਖਿਆ ਗਿਆ ਜਦਕਿ ਸੀਨੀਅਰ ਪੁਲਸ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। 


Aarti dhillon

Content Editor

Related News