ਗੈਸਟ ਦੇ ਤੌਰ ’ਤੇ ਲੈਕਚਰ ਤੋਂ ਹੋਣ ਵਾਲੀ ਕਮਾਈ ’ਤੇ ਦੇਣਾ ਹੋਵੇਗਾ 18 ਫੀਸਦੀ GST
Thursday, Feb 17, 2022 - 11:43 AM (IST)
ਨਵੀਂ ਦਿੱਲੀ (ਭਾਸ਼ਾ) – ਗੈਸਟ ਦੇ ਤੌਰ ’ਤੇ ਲੈਕਚਰ ਤੋਂ ਹੋਈ ਕਮਾਈ ’ਤੇ 18 ਫੀਸਦੀ ਦਾ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲੱਗੇਗਾ। ਐਡਵਾਂਸ ਰੂਲਿੰਗ ਅਥਾਰਿਟੀ (ਏ. ਏ. ਆਰ.) ਦੀ ਕਰਨਾਟਕ ਬੈਂਚ ਨੇ ਇਹ ਵਿਵਸਥਾ ਦਿੱਤੀ ਹੈ। ਬਿਨੈਕਾਰ ਸਾਈਰਾਮ ਗੋਪਾਲਕ੍ਰਿਸ਼ਨ ਨੇ ਏ. ਏ. ਆਰ. ਨਾਲ ਸੰਪਰਕ ਕਰ ਕੇ ਪੁੱਛਿਆ ਕਿ ਕੀ ਗੈਸਟ ਲੈਕਚਰ ਤੋਂ ਹੋਈ ਆਮਦਨ ਟੈਕਸਯੋਗ ਸੇਵਾਵਾਂ ’ਚ ਆਉਂਦੀ ਹੈ।
ਏ. ਏ. ਆਰ. ਨੇ ਇਹ ਹੁਕਮ ਪਾਸ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਹੋਰ ਪੇਸ਼ੇਵਰ, ਤਕਨੀਕੀ ਅਤੇ ਕਾਰੋਬਾਰੀ ਸੇਵਾਵਾਂ ਦੇ ਤਹਿਤ ਆਉਂਦੀਆਂ ਹਨ ਅਤੇ ਇਹ ਸੇਵਾਵਾਂ ਦੀ ਛੋਟ ਵਾਲੀ ਸ਼੍ਰੇਣੀ ਦੇ ਤਹਿਤ ਨਹੀਂ ਹਨ। ਅਜਿਹੇ ’ਚ ਇਸ ਤਰ੍ਹਾਂ ਦੀਆਂ ਸੇਵਾਵਾਂ ’ਤੇ 18 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਦੇਣਾ ਹੋਵੇਗਾ।
ਏ. ਏ. ਆਰ. ਦੇ ਇਸ ਹੁਕਮ ਦਾ ਮਤਲਬ ਹੈ ਕਿ ਸੇਵਾ ਪੇਸ਼ੇਵਰ ਜਿਨ੍ਹਾਂ ਦੀ ਆਮਦਨ 20 ਲੱਖ ਰੁਪਏ ਤੋਂ ਵੱਧ ਹੋਵੇਗੀ, ਉਨ੍ਹਾਂ ਨੂੰ ਗੈਸਟ ਵਜੋਂ ਲੈਕਚਰ ਤੋਂ ਹੋਈ ਕਮਾਈ ’ਤੇ 18 ਫੀਸਦੀ ਜੀ. ਐੱਸ. ਟੀ. ਦੇਣਾ ਹੋਵੇਗਾ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਭਾਈਵਾਲ ਰਜਤ ਮੋਹਨ ਨੇ ਕਿਹਾ ਕਿ ਇਸ ਵਿਵਸਥਾ ਨਾਲ ਲੱਖਾਂ ਫ੍ਰੀਲਾਂਸਰ, ਸਿੱਖਿਆ ਮਾਹਰਾਂ, ਖੋਜਕਾਰਾਂ, ਪ੍ਰੋਫੈਸਰ ਅਤੇ ਹੋਰ ਲਈ ਪ੍ਰੇਸ਼ਾਨੀਆਂ ਦਾ ‘ਬਕਸਾ’ ਖੁੱਲ੍ਹ ਜਾਵੇਗਾ। ਇਹ ਲੋਕ ਇਕ ਨਿਸ਼ਚਿਤ ਰਾਸ਼ੀ ਦੇ ਭੁਗਤਾਨ ’ਤੇ ਆਪਣੇ ਗਿਆਨ ਨੂੰ ਸਾਂਝਾ ਕਰਦੇ ਹਨ।