2 ਸਾਲ ’ਚ ਫੜੀ 55,575 ਕਰੋੜ ਰੁਪਏ ਦੀ GST ਚੋਰੀ, 700 ਲੋਕ ਗ੍ਰਿਫਤਾਰ

Friday, Nov 11, 2022 - 10:38 AM (IST)

ਨਵੀਂ ਦਿੱਲੀ (ਭਾਸ਼ਾ) – ਜੀ. ਐੱਸ. ਟੀ. ਫ੍ਰਾਡ ਕਰਨ ਵਾਲਿਆਂ ’ਤੇ ਸਰਕਾਰ ਦੀ ਸਖਤੀ ਹੁਣ ਰੰਗ ਲਿਆ ਰਹੀ ਹੈ। ਪਿਛਲੇ 2 ਸਾਲਾਂ ’ਚ 55,575 ਕਰੋੜ ਰੁਪਏ ਦੀ ਜੀ. ਐੱਸ. ਟੀ. ਧੋਖਾਦੇਹੀ ਦਾ ਪਤਾ ਲਗਾਇਆ ਹੈ। ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੇ ਦੋਸ਼ ’ਚ 700 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਫੜ੍ਹੇ ਗਏ ਦੋਸ਼ੀਆਂ ’ਚ 20 ਸੀ. ਏ. ਵੀ ਸ਼ਾਮਲ ਹਨ। ਇਹੀ ਨਹੀਂ ਜੀ. ਐੱਸ. ਟੀ. ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ ਨੇ ਦੇਸ਼ ’ਚ 22,300 ਨਕਲੀ ਜੀ. ਐੱਸ. ਟੀ. ਖਾਤਿਆਂ (ਜੀ. ਐੱਸ. ਟੀ. ਆਈ. ਐੱਨ.) ਦਾ ਵੀ ਪਤਾ ਲਗਾਇਆ ਹੈ। ਸਰਕਾਰ ਨੇ 9 ਨਵੰਬਰ 2020 ਨੂੰ ਨਕਲੀ/ਫਰਜ਼ੀ ਚਾਲਾਨ ਜਾਰੀ ਕਰਕੇ ਧੋਖਾਦੇਹੀ ਨਾਲ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਖਿਲਾਫ ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਦੇ ਹੁਣ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਜੀ. ਐੱਸ. ਟੀ. ਕਲੈਕਸ਼ਨ ’ਚ ਵਾਧਾ ਹੋ ਰਿਹਾ ਹੈ। ਅਕਤੂਬਰ ’ਚ ਜੀ. ਐੱਸ. ਟੀ. ਕਲੈਕਸ਼ਨ 1.52 ਲੱਖ ਕਰੋੜ ਰੁਪਏ ਰਿਹਾ। ਅਪ੍ਰੈਲ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਅਪ੍ਰੈਲ ’ਚ ਜੀ. ਐੱਸ. ਟੀ. ਸੰਗ੍ਰਹਿ ਲਗਭਗ 1.68 ਲੱਖ ਕਰੋੜ ਰੁਪਏ ਸੀ। ਜਾਰੀ ਰਹੇਗੀ ਕਾਰਵਾਈ ਜੀ. ਐੱਸ. ਟੀ. ਵਿਭਾਗ ਰਜਿਸਟ੍ਰੇਸ਼ਨ ਵੈਰੀਫਿਕੇਸ਼ਨ, ਈ-ਵੇਅ ਬਿੱਲ ਦੀ ਲੋੜ ਅਤੇ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਲਈ ਹੋਣ ਵਾਲੀ ਰਜਿਸਟ੍ਰੇਸ਼ਨ ’ਤੇ ਹੁਣ ਸਖਤ ਨਜ਼ਰ ਰੱਖ ਰਿਹਾ ਹੈ। ਇਸ ਨਾਲ ਟੈਕਸ ਚੋਰੀ ਰੋਕਣ ’ਚ ਕਾਫੀ ਮਦਦ ਮਿਲੀ ਹੈ। ਇਸ ਤੋਂ ਇਲਾਵਾ ਜੀ. ਐੱਸ. ਟੀ. ਭੁਗਤਾਨ ਲਈ ਬਿਜ਼ਨੈੱਸੇਜ਼ ਵਲੋਂ ਵਰਤੇ ਜਾ ਸਕਣ ਵਾਲੇ ਆਈ. ਟੀ. ਸੀ. ਦੀ ਮਾਤਰਾ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ਦੇ ਸਾਲਾਂ ’ਚ ਵਿਭਾਗ ਨੇ ਫਰਜ਼ੀ ਆਈ. ਟੀ. ਸੀ. ਦਾਅਵਿਆਂ ਖਿਲਾਫ ਕਾਰਵਾਈ ਤੇਜ਼ ਕੀਤੀ ਹੈ। ਜੀ. ਐੱਸ. ਟੀ. ਚੋਰੀ ਰੋਕਣ ਲਈ ਚੁੱਕੇ ਗਏ ਕਦਮਾਂ ਨਾਲ ਟੈਕਸ ਕਲੈਕਸ਼ਨ ’ਚ ਸੁਧਾਰ ਹੋਇਆ ਹੈ।

 


Harinder Kaur

Content Editor

Related News