ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ ਅੱਜ, ਹੋਣਗੇ ਅਹਿਮ ਫੈਸਲੇ
Saturday, Aug 05, 2017 - 10:38 AM (IST)
ਨਵੀਂ ਦਿੱਲੀ— ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਅੱਜ 19ਵੀਂ ਬੈਠਕ ਹੋਵੇਗੀ। ਇਸ ਬੈਠਕ 'ਚ ਕਪੜੇ ਬਣਾਉਣ ਦੇ ਨਾਲ ਜੁੜੇ ਕੰਮ 'ਤੇ ਟੈਕਸ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਸਾਮਾਨ ਆਵਾਜਾਈ ਲਈ 'ਈ-ਵੇਅ' ਬਿੱਲ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ 'ਚ ਹੋਣ ਵਾਲੀ ਇਸ ਬੈਠਕ 'ਚ 1 ਜੁਲਾਈ ਤੋਂ ਲਾਗੂ ਹੋਈ ਜੀ. ਐੱਸ. ਟੀ. ਵਿਵਸਥਾ ਦੀ ਸਮੀਖਿਆ ਹੋਵੇਗੀ। ਮੁਨਾਫਾਖੋਰੀ ਰੋਕਣ ਲਈ ਬਣਨ ਵਾਲੀ ਅਥਾਰਟੀ ਦੇ ਨਿਯਮ ਵੀ ਤੈਅ ਕੀਤੇ ਜਾ ਸਕਦੇ ਹਨ।
ਹੁਣ ਤਕ 29 ਸੂਬਿਆਂ 'ਚੋਂ 25 ਸੂਬੇ ਚੈਕ ਪੋਸਟਾਂ ਹਟਾ ਚੁੱਕੇ ਹਨ। ਇਸ ਨਾਲ ਟਰੱਕਾਂ ਦੀ ਆਵਾਜਾਈ ਆਸਾਨ ਹੋ ਗਈ ਹੈ। ਈ-ਵੇਅ ਬਿੱਲ ਲਾਗੂ ਹੋਣ ਤੋਂ ਬਾਅਦ ਇਹ ਹੋਰ ਆਸਾਨ ਹੋ ਜਾਵੇਗਾ। ਇਸ 'ਚ ਬਿੱਲ ਆਨਲਾਈਨ ਰਜਿਸਟਰਡ ਹੋਵੇਗਾ, ਇਸ ਨੂੰ ਦੇਸ਼ 'ਚ ਕਿਤੇ ਵੀ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਖਬਰਾਂ ਮੁਤਾਬਕ ਈ-ਵੇਅ ਬਿੱਲ ਦੀ ਲਿਮਟ 50 ਹਜ਼ਾਰ ਰੁਪਏ ਤੋਂ ਵਧਾਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਕਪੜਾ ਇੰਡਸਟਰੀ ਕਪੜਿਆਂ ਦੇ ਜਾਬ ਵਰਕ 'ਤੇ ਜੀ. ਐੱਸ. ਟੀ. ਦਰ ਘਟਾਉਣ ਦੀ ਮੰਗ ਕਰ ਰਹੀ ਹੈ। ਅਜੇ ਕੁਦਰਤੀ ਕੱਚੇ ਧਾਗੇ ਅਤੇ ਫੈਬਰਿਕ ਲਈ ਜਾਬ ਵਰਕ 'ਤੇ 5 ਫੀਸਦੀ ਟੈਕਸ ਹੈ ਪਰ ਕਪੜਿਆਂ 'ਤੇ ਇਹ 18 ਫੀਸਦੀ ਹੈ। ਇਕ ਅਧਿਕਾਰੀ ਮੁਤਾਬਕ ਕਪੜਿਆਂ ਨਾਲ ਜੁੜੇ ਜਾਬ ਵਰਕ 'ਤੇ ਇਕੋ-ਜਿਹੀ 5 ਫੀਸਦੀ ਟੈਕਸ ਦਰ ਤੈਅ ਕੀਤੀ ਜਾ ਸਕਦੀ ਹੈ।
