ਕੋਵਿਡ-19 ਦੌਰ 'ਚ GST ਕੌਂਸਲ ਦੀ ਪਹਿਲੀ ਬੈਠਕ 14 ਜੂਨ ਨੂੰ ਹੋਣ ਦੀ ਸੰਭਾਵਨਾ

05/31/2020 4:53:20 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਬੁਰੇ ਦੌਰ 'ਚ ਟੈਕਸ ਕੁਲੈਕਸ਼ਨ ਦੀ ਚਿੰਤਾ ਵਿਚਕਾਰ ਵਸਤੂ ਤੇ ਸੇਵਾ ਟੈਕਸ (ਜੀ. ਐੱਸ. ਟੀ.) ਪ੍ਰੀਸ਼ਦ ਦੀ ਬੈਠਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ 14 ਜੂਨ ਨੂੰ ਹੋਣ ਦੀ ਸੰਭਾਵਨਾ ਹੈ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ। ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ 25 ਮਾਰਚ ਤੋਂ ਲਾਕਡਾਊਨ ਕਾਰਨ ਟੈਕਸ ਵਸੂਲੀ ਨੂੰ ਵੱਡਾ ਝਟਕਾ ਲੱਗਾ ਹੈ।

 

ਸੂਤਰਾਂ ਮੁਤਾਬਕ, ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਨਾਲ ਇਹ ਬੈਠਕ ਵੀਡੀਓ ਕਾਨਫਰੰਸ ਜ਼ਰੀਏ ਹੋਵੇਗੀ। ਗੌਰਤਲਬ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਦੀ ਮਾਰਚ 'ਚ ਹੋਈ 39ਵੀਂ ਬੈਠਕ 'ਚ ਅਰਥਵਿਵਸਥਾ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਭਾਰਤ 'ਚ ਉਸ ਸਮੇਂ ਮਾਮਲੇ ਬਹੁਤ ਘੱਟ ਸਨ ਤੇ ਤਾਲਾਬੰਦੀ ਨਹੀਂ ਲਗਾਈ ਗਈ ਸੀ। ਹੁਣ ਕੋਰੋਨਾ ਵਾਇਰਸ ਸੰਕਟ ਦੌਰਾਨ ਹੋਣ ਜਾ ਰਹੀ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ ਕਾਫੀ ਮਹੱਤਵਪੂਰਨ ਹੈ।

ਹਾਲਾਂਕਿ, ਰਾਸ਼ਟਰ ਪੱਧਰੀ ਲਾਕਡਾਊਨ ਕਾਰਨ ਮਾਲੀਆ ਘਟਣ ਦੇ ਬਾਵਜੂਦ ਵਿੱਤ ਮੰਤਰਾਲਾ ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੀ 40ਵੀਂ ਬੈਠਕ 'ਚ ਗੈਰ ਜ਼ਰੂਰੀ ਚੀਜ਼ਾਂ 'ਤੇ ਜੀ. ਐੱਸ. ਟੀ. ਦਰਾਂ 'ਚ ਵਾਧਾ ਕਰਨ ਦੇ ਪੱਖ 'ਚ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਗੈਰ-ਜ਼ਰੂਰੀ ਚੀਜ਼ਾਂ 'ਤੇ ਜੀ. ਐੱਸ. ਟੀ. ਦੀਆਂ ਦਰਾਂ 'ਚ ਵਾਧਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਮੰਗ ਹੋਰ ਡਿੱਗ ਜਾਏਗੀ ਤੇ ਇਸ ਦਾ ਆਰਥਿਕ ਸੁਧਾਰਾਂ 'ਤੇ ਬੁਰਾ ਅਸਰ ਹੋਵੇਗਾ।

ਉਨ੍ਹਾਂ ਕਿਹਾ ਕਿ ਲਾਕਡਾਊਨ ਤੋਂ ਬਾਅਦ ਅਰਥਵਿਵਸਥਾ 'ਚ ਜਾਨ ਪਾਉਣ ਲਈ ਨਾ ਸਿਰਫ ਜ਼ਰੂਰੀ ਚੀਜ਼ਾਂ ਸਗੋਂ ਹਰ ਮੋਰਚੇ 'ਤੇ ਮੰਗ ਨੂੰ ਉਤਸ਼ਾਤ ਕਰਨ ਦੀ ਜ਼ਰੂਰਤ ਹੈ।


Sanjeev

Content Editor

Related News