ਇੰਪੋਰਟਡ ਆਕਸੀਜਨ ਕੰਸਟ੍ਰੇਟਰ 'ਤੇ GST ਪ੍ਰੀਸ਼ਦ ਕਰ ਸਕਦੀ ਹੈ ਇਹ ਚਰਚਾ
Sunday, May 23, 2021 - 05:26 PM (IST)
ਨਵੀਂ ਦਿੱਲੀ- ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਪ੍ਰੀਸ਼ਦ ਦੀ 28 ਮਈ ਨੂੰ ਹੋਣ ਵਾਲੀ ਬੈਠਕ ਵਿਚ ਨਿੱਜੀ ਵਰਤੋਂ ਲਈ ਆਕਸੀਜਨ ਕੰਸਟ੍ਰੇਟਰ ਦੀ ਦਰਾਮਦ 'ਤੇ ਟੈਕਸ ਸਬੰਧੀ ਨਵਾਂ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਮੇਂ ਇਸ 'ਤੇ 12 ਫ਼ੀਸਦੀ ਦੀ ਦਰ ਨਾਲ ਆਈ. ਜੀ. ਐੱਸ. ਟੀ. ਲਾਉਣ ਦੀ ਵਿਵਸਥਾ ਹੈ। ਪਿਛਲੇ ਹਫ਼ਤੇ ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਨਿੱਜੀ ਵਰਤੋਂ ਲਈ ਖ਼ਰੀਦੇ ਜਾਂ ਗਿਫਟ ਦੇ ਤੌਰ 'ਤੇ ਦਿੱਤੇ ਗਏ ਆਕਸੀਜਨ ਕੰਸਟ੍ਰੇਟਰ 'ਤੇ 12 ਫ਼ੀਸਦੀ ਇੰਟੀਗ੍ਰੇਟਡ ਜੀ. ਐੱਸ. ਟੀ. ਲਾਉਣਾ 'ਗੈਰ-ਸੰਵਿਧਾਨਕ 'ਹੈ।
ਦਿੱਲੀ ਹਾਈ ਕੋਰਟ ਨੇ 85 ਸਾਲਾ ਮਰੀਜ਼ ਦੀ ਪਟੀਸ਼ਨ ‘ਤੇ ਇਹ ਫ਼ੈਸਲਾ ਸੁਣਾਇਆ ਸੀ। ਉਸ ਨੂੰ ਇਹ ਉਪਕਰਣ ਉਸ ਦੇ ਕਿਸੇ ਰਿਸ਼ਤੇਦਾਰ ਨੇ ਅਮਰੀਕਾ ਤੋਂ ਭੇਜਿਆ ਸੀ। ਸੂਤਰਾਂ ਨੇ ਕਿਹਾ ਇਸ ਸਬੰਧੀ ਅੰਤਿਮ ਫ਼ੈਸਲਾ ਜੀ. ਐੱਸ. ਟੀ. ਪ੍ਰੀਸ਼ਦੀ ਦੀ ਬੈਠਕ ਵਿਚ ਹੋਵੇਗਾ। ਟੈਕਸ ਮਾਹਰ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਦਰਾਮਦਾਂ 'ਤੇ ਆਈ. ਜੀ. ਐੱਸ. ਟੀ. ਛੋਟ ਦੇਣ ਦਾ ਫ਼ੈਸਲਾ ਕਰ ਸਕਦੀ ਹੈ ਕਿਉਂਕਿ ਇਸ ਨਾਲ ਆਮਦਨੀ' ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਮਾਹਰਾਂ ਦਾ ਮੰਨਣਾ ਹੈ ਕਿ ਮਹਾਮਾਰੀ ਨੂੰ ਦੇਖਦੇ ਅਤੇ ਜੀਵਨ ਰੱਖਿਅਕ ਉਪਕਰਣ ਹੋਣ ਦੇ ਨਾਤੇ ਤੇ ਮਾਲੀਆ ਨੁਕਸਾਨ ਬਹੁਤ ਜ਼ਿਆਦਾ ਨਾ ਹੋਣ ਨੂੰ ਦੇਖਦੇ ਹੋਏ ਸਰਕਾਰ ਇਸ ਦੀ ਦਰਾਮਦ 'ਤੇ ਟੈਕਸ ਹਟਾ ਸਕਦੀ ਹੈ। ਪ੍ਰੀਸ਼ਦ ਦੀ 28 ਮਈ ਨੂੰ ਹੋਣ ਵਾਲੀ ਬੈਠਕ ਵਿਚ ਕੋਵਿਡ ਸੰਕਰਮਣ ਦੇ ਇਲਾਜ ਨਾਲ ਜੁੜੀਆਂ ਜ਼ਰੂਰੀ ਵਸਤਾਂ 'ਤੇ ਟੈਕਸ ਦੀਆਂ ਦਰਾਂ ਵਿਚ ਕਟੌਤੀ ਤੋਂ ਇਲਾਵਾ ਸੂਬਿਆਂ ਦੇ ਮੁਆਵਜ਼ੇ ਵਿਚ ਕਮੀ ਬਾਰੇ ਵੀ ਚਰਚਾ ਹੋ ਸਕਦੀ ਹੈ।
ਫਿਲਹਾਲ ਟੀਕੇ ਦੀ ਘਰੇਲੂ ਸਪਲਾਈ ਤੇ ਵਪਾਰਕ ਦਰਾਮਦ 'ਤੇ 5 ਫ਼ੀਸਦੀ ਜੀ. ਐੱਸ. ਟੀ. ਲੱਗਦਾ ਹੈ, ਜਦੋਂ ਕਿ ਕੋਵਿਡ ਦਵਾਈਆਂ ਤੇ ਆਕਸੀਜਨ ਕੰਸਟ੍ਰੇਟਰ 'ਤੇ 12 ਫ਼ੀਸਦੀ ਟੈਕਸ ਲੱਗਦਾ ਹੈ। ਸਰਕਾਰ ਨੇ 1 ਮਈ ਨੂੰ ਨਿੱਜੀ ਵਰਤੋਂ ਲਈ ਦਰਾਮਦ ਆਕਸੀਜਨ ਕੰਸਟ੍ਰੇਟਰ ਲਈ ਆਈ. ਜੀ. ਐੱਸ. ਟੀ. 28 ਤੋਂ ਘਟਾ ਕੇ 12 ਫ਼ੀਸਦੀ ਕਰ ਦਿੱਤਾ ਸੀ, ਜੋ 30 ਜੂਨ ਤੱਕ ਲਈ ਪ੍ਰਭਾਵੀ ਹੈ। ਵਣਜ ਵਰਤੋਂ ਲਈ ਦਰਾਮਦ ਆਕਸਜੀਨ ਕੰਸਟ੍ਰੇਟਰ 'ਤੇ ਵੀ ਜੀ. ਐੱਸ. ਟੀ. 12 ਫ਼ੀਸਦੀ ਹੈ।