ਹੁਣ ਤੱਕ 6 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨਾਂ ਦਾਖਲ ਕੀਤੀਆਂ ਗਈਆਂ : ਇਨਕਮ ਟੈਕਸ ਵਿਭਾਗ
Saturday, Sep 13, 2025 - 09:57 PM (IST)

ਨਵੀਂ ਦਿੱਲੀ (ਭਾਸ਼ਾ)-ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਮੁਲਾਂਕਣ ਸਾਲ 2025-26 ਲਈ ਹੁਣ ਤੱਕ 6 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਬਿਨਾਂ ਜੁਰਮਾਨੇ ਦੇ ਆਈ. ਟੀ. ਆਰ. ਫਾਈਲ ਦਾਖਲ ਕਰਨ ਦੀ ਆਖਰੀ ਮਿਤੀ 15 ਸਤੰਬਰ ਹੈ। ਇਨਕਮ ਟੈਕਸ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਟੈਕਸਦਾਤਿਆਂ ਅਤੇ ਟੈਕਸ ਪੇਸ਼ੇਵਰਾਂ ਦਾ ਧੰਨਵਾਦ, ਜਿਨ੍ਹਾਂ ਨੇ ਹੁਣ ਤੱਕ ਸਾਨੂੰ 6 ਕਰੋੜ ਇਨਕਮ ਟੈਕਸ ਰਿਟਰਨਾਂ (ਆਈ.ਟੀ.ਆਰ.) ਤੱਕ ਪਹੁੰਚਾਉਣ ’ਚ ਮਦਦ ਕੀਤੀ ਹੈ ਅਤੇ ਇਹ ਗਿਣਤੀ ਅਜੇ ਵੀ ਜਾਰੀ ਹੈ।
ਪੋਸਟ ’ਚ ਕਿਹਾ ਗਿਆ ਕਿ ਆਈ. ਟੀ. ਆਰ. ਫਾਈਲਿੰਗ, ਟੈਕਸ ਭੁਗਤਾਨ ਅਤੇ ਹੋਰ ਸਬੰਧਤ ਸੇਵਾਵਾਂ ਲਈ ਟੈਕਸਦਾਤਿਆਂ ਦੀ ਸਹਾਇਤਾ ਲਈ ਹੈਲਪਡੈਸਕ 24 ਘੰਟੇ ਕੰਮ ਕਰ ਰਹੇ ਹਨ ਅਤੇ ਵਿਭਾਗ ਹੋਰ ਤਰੀਕਿਆਂ ਨਾਲ ਵੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਵਿਭਾਗ ਨੇ ਉਨ੍ਹਾਂ ਟੈਕਸਦਾਤਿਆਂ ਨੂੰ ਵੀ ਆਈ. ਟੀ. ਆਰ. ਦਾਖਲ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਮੁਲਾਂਕਣ ਸਾਲ 2025-26 ਲਈ ਅਜੇ ਤੱਕ ਆਈ.ਟੀ.ਆਰ. ਫਾਈਲ ਨਹੀਂ ਕੀਤੀ ਹੈ ਤਾਂ ਜੋ ਆਖਰੀ ਸਮੇਂ ਤੱਕ ਭੀੜ ਤੋਂ ਬਚਿਆ ਜਾ ਸਕੇ।