ਸਰਕਾਰ ਨੇ 1.08 ਲੱਖ ਕਰੋੜ ਰੁ: ਦੇ ਮੁੱਲ 'ਤੇ ਰਿਕਾਰਡ ਝੋਨੇ ਦੀ ਖ਼ਰੀਦ ਕੀਤੀ

01/21/2021 10:09:32 PM

ਨਵੀਂ ਦਿੱਲੀ- ਸਰਕਾਰ ਵੱਲੋਂ ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ ਵਿਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖ਼ਰੀਦ ਜਾਰੀ ਹੈ। ਹੁਣ ਤੱਕ ਸਰਕਾਰ ਦੇਸ਼ ਭਰ ਵਿਚ ਕਿਸਾਨਾਂ ਕੋਲੋਂ ਐੱਮ. ਐੱਸ. ਪੀ. 'ਤੇ 1.08 ਲੱਖ ਕਰੋੜ ਰੁਪਏ ਦੇ ਝੋਨੇ ਖ਼ਰੀਦ ਕਰ ਚੁੱਕੀ ਹੈ।

ਖੁਰਾਕ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, "ਸਾਉਣੀ ਮਾਰਕੀਟਿੰਗ ਸੀਜ਼ਨ 2020-21 ਵਿਚ ਸਰਕਾਰ ਐੱਮ. ਐੱਸ. ਪੀ. 'ਤੇ ਕਿਸਾਨਾਂ ਕੋਲੋਂ ਫ਼ਸਲਾਂ ਖ਼ਰੀਦ ਰਹੀ ਹੈ।"

ਮੰਤਰਾਲਾ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਅਤੇ ਹੋਰ ਸੂਬਾ ਏਜੰਸੀਆਂ ਨੇ 20 ਜਨਵਰੀ ਤੱਕ 575.36 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਹੈ, ਜੋ ਇਸ ਤੋਂ ਪਿਛਲੇ ਮਾਰਕੀਟਿੰਗ ਸੀਜ਼ਨ ਵਿਚ ਇਸ ਮਿਆਦ ਤੱਕ 466.22 ਲੱਖ ਟਨ ਰਹੀ ਸੀ। ਇਸ ਤਰ੍ਹਾਂ ਹੁਣ ਤੱਕ 23.41 ਫ਼ੀਸਦੀ ਵੱਧ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

ਬਿਆਨ ਵਿਚ ਕਿਹਾ ਗਿਆ ਹੈ, ''ਲਗਭਗ 82.08 ਲੱਖ ਕਿਸਾਨਾਂ ਕੋਲੋਂ 1,08,629.27 ਰੁਪਏ ਦਾ ਝੋਨਾ ਖ਼ਰੀਦਿਆ ਜਾ ਚੁੱਕਾ ਹੈ।'' ਝੋਨੇ ਦੀ ਹੁਣ ਤੱਕ ਹੋਈ ਕੁੱਲ ਖ਼ਰੀਦ ਵਿਚ ਇਕੱਲੇ ਪੰਜਾਬ ਤੋਂ 207.77 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਹੈ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਇਸ ਵਿਚਕਾਰ ਸਰਕਾਰ ਨੇ ਕਾਨੂੰਨ ਡੇਢ ਸਾਲ ਤੱਕ ਟਾਲਣ ਦਾ ਪ੍ਰਸਤਾਵ ਦਿੱਤਾ ਹੈ।


Sanjeev

Content Editor

Related News