ਸਰਕਾਰ ਵੱਲੋਂ 10 ਸੈਕਟਰਾਂ ਲਈ PLI ਸਕੀਮ ਨੂੰ ਹਰੀ ਝੰਡੀ
Wednesday, Nov 11, 2020 - 08:11 PM (IST)
ਨਵੀਂ ਦਿੱਲੀ— ਮੋਦੀ ਸਰਕਾਰ ਦੇ ਮੰਤਰੀ ਮੰਡਲ ਨੇ ਵਾਹਨ ਨਿਰਮਾਣ ਨੂੰ ਉਤਸ਼ਾਹਤ ਕਰਨ, ਭਾਰਤ ਨੂੰ ਸਵੈ-ਨਿਰਭਰ ਬਣਾਉਣ ਤੇ ਰੋਜ਼ਗਾਰ ਪੈਦਾ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ 10 ਸੈਕਟਰਾਂ ਲਈ ਉਤਪਾਦਨ ਨਾਲ ਜੁੜੇ 2 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਹੈ, ਜਿਸ 'ਚ ਆਟੋ, ਫਾਰਮਾਸਿਊਟੀਕਲ ਤੇ ਟੈਕਸਟਾਈਲ ਸੈਕਟਰ ਵੀ ਸ਼ਾਮਲ ਹਨ।
ਮੰਤਰੀ ਮੰਡਲ ਦੀ ਬੈਠਕ 'ਚ ਲਏ ਗਏ ਫ਼ੈਸਲਿਆਂ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਵ੍ਹਾਈਟ ਗੁੱਡਜ਼ ਦੇ ਨਿਰਮਾਣ, ਫਾਰਮਾ, ਵਿਸ਼ੇਸ਼ ਸਟੀਲ, ਆਟੋ, ਦੂਰਸੰਚਾਰ, ਟੈਕਸਟਾਈਲ, ਫੂਡ ਪ੍ਰੋਡਕਟਸ, ਸੋਲਰ ਫੋਟੋਵੋਲਟਿਕ ਅਤੇ ਸੈੱਲ ਬੈਟਰੀ ਵਰਗੇ ਸੈਕਟਰਾਂ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਪੇਸ਼ ਕੀਤੇ ਜਾਣਗੇ।
ਨਵੀਂ ਸਕੀਮ ਤਹਿਤ ਸਥਾਨਕ ਪੱਧਰ 'ਤੇ ਦਵਾਈਆਂ ਦੇ ਉਤਪਾਦਨ ਨੂੰ ਵਧਾਉਣ ਲਈ ਫਾਰਮਾ ਸੈਕਟਰ ਲਈ ਪੰਜ ਸਾਲਾਂ ਦੌਰਾਨ 15,000 ਕਰੋੜ ਦੇ ਵਿੱਤੀ ਖ਼ਰਚ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਭਾਰਤੀ ਦਵਾ ਉਦਯੋਗ ਗਿਣਤੀ ਦੇ ਹਿਸਾਬ ਨਾਲ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਤੇ ਮੁੱਲ ਦੇ ਹਿਸਾਬ ਨਾਲ 14ਵਾਂ ਸਭ ਤੋਂ ਵੱਡਾ ਹੈ। ਵਿਸ਼ਵ ਪੱਧਰ 'ਤੇ ਦਵਾਈਆਂ ਦੀ ਬਰਾਮਦ 'ਚ ਇਸ ਦਾ 3.5 ਫੀਸਦੀ ਯੋਗਦਾਨ ਹੈ। 10 ਸੈਕਟਰਾਂ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵਸ (ਪੀ. ਐੱਲ. ਆਈ.) ਸਕੀਮ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਲਾਗੂ ਕੀਤੀ ਜਾਏਗੀ। ਟੈਕਸਟਾਈਲ ਸੈਕਟਰ ਲਈ ਸਰਕਾਰ ਇਸ ਸਕੀਮ ਤਹਿਤ ਪੰਜ ਸਾਲਾਂ 'ਚ 10,683 ਕਰੋੜ ਰੁਪਏ ਖ਼ਰਚ ਕਰੇਗੀ। ਵਾਹਨ ਤੇ ਇਸ ਦੇ ਕਲਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਲਈ ਇਹ ਰਾਸ਼ੀ 57064 ਕਰੋੜ ਰੁਪਏ ਰੱਖੀ ਗਈ ਹੈ।