‘ਫੇਮ-3 ’ਤੇ ਕੰਮ ਕਰ ਰਹੀ ਸਰਕਾਰ, ਨਜ਼ਦੀਕੀ ਭਵਿੱਖ ’ਚ ਲਾਗੂ ਹੋਣ ਦੀ ਉਮੀਦ’
Wednesday, Jul 17, 2024 - 03:33 PM (IST)
ਨਵੀਂ ਦਿੱਲੀ (ਭਾਸ਼ਾ) - ਇਲੈਕਟ੍ਰਿਕ ਟੂ-ਵ੍ਹੀਲਰ ਅਤੇ ਕਾਰ ਖਰੀਦਣ ਦੀ ਤਿਆਰੀ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਸਰਕਾਰ ਫੇਮ-3 ਸਕੀਮ ’ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਜਲਦ ਹੀ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਮੰਗਲਵਾਰ ਨੂੰ ਇੱਥੇ ਮੋਟਰ ਵਾਹਨ ਉਦਯੋਗ ਸੰਗਠਨ ਸਿਆਮ ਦੁਆਰਾ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਨਿਰਮਾਣ (ਫੇਮ) ਦੀ ਯੋਜਨਾ ਦੇ ਤੀਜੇ ਪੜਾਅ ਨੂੰ ਅਗਲੇ ਕੇਂਦਰੀ ਬਜਟ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਫੇਮ-3 ਯੋਜਨਾ ’ਤੇ ਮੋਟਰ ਵਾਹਨ ਉਦਯੋਗ ਦੀ ਮੰਗ ਦੇ ਬਾਰੇ ’ਚ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਪਹਿਲਾਂ ਤੋਂ ਹੀ ਇਸ ’ਤੇ ਕੰਮ ਜਾਰੀ ਹੈ। ਫੇਮ-3 ਪ੍ਰੋਗਰਾਮ ਲਾਗੂ ਕਰਨ ਦੇ ਸਬੰਧ ’ਚ ਸਾਰੇ ਮੰਤਰਾਲਿਆਂ ਨੇ ਸਿਫਾਰਿਸ਼ ਕੀਤੀ ਹੈ। ਨਜ਼ਦੀਕੀ ਭਵਿੱਖ, ਕੁੱਝ ਮਹੀਨਿਆਂ ਜਾਂ ਕੁੱਝ ਦਿਨਾਂ ’ਚ ਇਸ ਨੂੰ ਲਾਗੂ ਕੀਤਾ ਜਾਵੇਗਾ। ਹਾਲਾਂਕਿ, ਪੂਰਨ ਬਜਟ ’ਚ ਫੇਮ-3 ਦਾ ਐਲਾਨ ਕੀਤੇ ਜਾਣ ਤੋਂ ਉਨ੍ਹਾਂ ਨੇ ਮਨ੍ਹਾ ਕੀਤਾ।
ਭਾਰੀ ਉਦਯੋਗ ਮੰਤਰਾਲਾ ਨੇ ਇਸ ਸਾਲ ਦੀ ਸ਼ੁਰੂਆਤ ’ਚ ਐਲਾਨ ਕੀਤਾ ਸੀ ਕਿ ਫੇਮ ਯੋਜਨਾ ਦੇ ਦੂਜੇ ਪੜਾਅ ਤਹਿਤ ਸਬਸਿਡੀ 31 ਮਾਰਚ 2024 ਤੱਕ ਜਾਂ ਜਦੋਂ ਤੱਕ ਪੈਸਾ ਉਪਲੱਬਧ ਹੈ (ਜੋ ਵੀ ਪਹਿਲਾਂ ਹੋਵੇ) ਵੇਚੇ ਗਏ ਈ-ਵਾਹਨਾਂ ਲਈ ਯੋਗ ਹੋਵੇਗੀ। ਨਾਲ ਹੀ ਪ੍ਰੋਗਰਾਮ ਦਾ ਖਰਚ 10,000 ਕਰੋਡ਼ ਤੋਂ ਵਧਾ ਕੇ 11,500 ਕਰੋਡ਼ ਰੁਪਏ ਕਰ ਦਿੱਤਾ ਗਿਆ ਸੀ।
ਹਾਈਬ੍ਰਿਡ ਵਾਹਨਾਂ ’ਤੇ ਰਾਹਤ ਅਜੇ ਨਹੀਂ
ਹਾਈਬ੍ਰਿਡ ਵਾਹਨਾਂ ’ਤੇ ਟੈਕਸ ’ਚ ਕਟੌਤੀ ਦੇ ਮੁੱਦੇ ’ਤੇ ਕੁਮਾਰਸਵਾਮੀ ਨੇ ਕਿਹਾ ਕਿ ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚਰਚਾ ਕੀਤੀ ਜਾਵੇਗੀ, ਜੋ ਅੱਗੇ ਦੀ ਰੂਪ ਰੇਖਾ ’ਤੇ ਫੈਸਲਾ ਲੈਣਗੇ ਅਤੇ ਵਿੱਤ ਮੰਤਰਾਲਾ ਇਸ ’ਤੇ ਕੰਮ ਕਰੇਗਾ। ਉਨ੍ਹਾਂ ਦੇ ਮੰਤਰਾਲਾ ਨੇ ਹਾਈਬ੍ਰਿਡ ਵਾਹਨਾਂ ’ਤੇ ਟੈਕਸ ’ਚ ਕਟੌਤੀ ਦੀ ਸਿਫਾਰਿਸ਼ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ,‘‘ਵੇਖਦੇ ਹਾਂ, ਅਗਲੇ ਹਫਤੇ ਬਜਟ ਪੇਸ਼ ਕੀਤਾ ਜਾਵੇਗਾ।
ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਦੇ ਨਵੀਂ ਈ. ਵੀ. ਨੀਤੀ ਤਹਿਤ ਭਾਰਤ ’ਚ ਨਿਵੇਸ਼ ਦੀ ਇੱਛਾ ਸਰਕਾਰ ਦੇ ਸਾਹਮਣੇ ਸਾਫ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ’ਤੇ ਕੋਈ ਚਰਚਾ ਨਹੀਂ ਹੋਈ ਹੈ।
ਇਲੈਕਟ੍ਰਿਕ ਟ੍ਰਾਂਸਪੋਰਟ ਨਾਲ ਕਾਫੀ ਲਾਭ ਹੋਵੇਗਾ
ਭਾਰਤ ਦੇ ਮੋਟਰ ਵਾਹਨ ਖੇਤਰ ’ਚ ਈ. ਵੀ. ਲਈ ਤਿਆਰ ਕਾਰਜਬੱਲ ’ਤੇ ਆਯੋਜਿਤ ਪ੍ਰੋਗਰਾਮ ’ਚ ਕੁਮਾਰਸਵਾਮੀ ਨੇ ਕਿਹਾ ਕਿ ਭਾਰਤ ਨੂੰ ਇਲੈਕਟ੍ਰਿਕ ਟ੍ਰਾਂਸਪੋਰਟ ਅਪਣਾਉਣ ਨਾਲ ਕਾਫੀ ਲਾਭ ਹੋਵੇਗਾ। ਇਹ ਇਕ ਅਜਿਹੀ ਯਾਤਰਾ ਹੈ ਜੋ ਆਰਥਿਕ ਵਾਧਾ, ਵਾਤਾਵਰਣ ਸਥਿਰਤਾ ਅਤੇ ਵਧੀ ਹੋਈ ਊਰਜਾ ਸੁਰੱਖਿਆ ਦਾ ਵਾਅਦਾ ਕਰਦੀ ਹੈ।
ਉਨ੍ਹਾਂ ਕਿਹਾ,‘‘ਸਾਡੇ ਕਾਰਜਬੱਲ ਨੂੰ ਭਾਰਤ ਦੇ ਇਲੈਕਟ੍ਰਿਕ ਟ੍ਰਾਂਸਪੋਰਟ ਦੇ ਮਹੱਤਵਪੂਰਨ ਟੀਚੇ ਨੂੰ ਪੂਰਾ ਕਰਨ ’ਚ ਆਉਣ ਵਾਲੀਆਂ ਚੁਣੌਤੀਆਂ ਨਿੱਬੇੜਨ ਅਤੇ ਮੌਕਿਆਂ ਦਾ ਫਾਇਦਾ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ ਹੈ।