ਸਰਕਾਰ 5-ਜੀ ਸੇਵਾਵਾਂ ਦੀ ਰੂਪ-ਰੇਖਾ ਨੂੰ ਜੂਨ ਤੱਕ ਦੇਵੇਗੀ ਅੰਤਿਮ ਰੂਪ : ਸੁੰਦਰਰਾਜਨ

02/17/2018 10:48:00 AM

ਨਵੀਂ ਦਿੱਲੀ—ਦੂਰਸੰਚਾਰ ਵਿਭਾਗ 5-ਜੀ ਸੇਵਾਵਾਂ ਲਈ ਰੂਪ-ਰੇਖਾ ਨੂੰ ਇਸ ਸਾਲ ਜੂਨ ਤੱਕ ਅੰਤਿਮ ਰੂਪ ਦੇ ਸਕਦਾ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਇੱਥੇ ਐਸੋਚੈਮ ਦੇ ਪ੍ਰੋਗਰਾਮ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੂਰਸੰਚਾਰ ਮੰਤਰਾਲਾ ਨੇ 5-ਜੀ ਰੂਪ-ਰੇਖਾ 'ਤੇ ਕੰਮ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ ਤਾਂ ਕਿ ਭਾਰਤ ਨੂੰ ਅਗਲੀ ਪੀੜ੍ਹੀ ਦੀ ਇਸ ਤਕਨੀਕ ਤੱਕ ਪਹੁੰਚ ਉਦੋਂ ਮਿਲ ਜਾਵੇ, ਜਦੋਂ ਇਹ ਕੌਮਾਂਤਰੀ ਪੱਧਰ 'ਤੇ ਵਪਾਰਕ ਰੂਪ ਨਾਲ ਮੁਹੱਈਆ ਹੋਵੇ।
ਸੁੰਦਰਰਾਜਨ ਨੇ ਕਿਹਾ, ''5-ਜੀ 'ਚ ਅਸੀਂ ਕਈ ਤਰ੍ਹਾਂ ਦੇ ਪ੍ਰਯੋਗ ਕਰਨਾ ਚਾਹੁੰਦੇ ਹਾਂ, ਇਸ ਲਈ ਜਦੋਂ ਵੀ 5-ਜੀ ਆਵੇਗੀ ਭਾਰਤ ਤਕਨੀਕੀ ਅਤੇ ਇਸਤੇਮਾਲ ਮਾਮਲਿਆਂ ਦੇ ਲਿਹਾਜ਼ ਨਾਲ ਮੋਹਰੀ ਹੋਵੇਗਾ।'' ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਸਿਮਾਂ ਲਈ ਨਵੀਂ ਨੰਬਰਿੰਗ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਮਸ਼ੀਨ ਤੋਂ ਮਸ਼ੀਨ (ਐੱਮ. 2 ਐੱਮ.) ਗੱਲਬਾਤ 'ਚ ਕੀਤੀ ਜਾਵੇਗੀ।


Related News