ਪਿਆਜ਼ ਹੋ ਸਕਦੇ ਹਨ ਹੋਰ ਸਸਤੇ, 2,000 ਟਨ ਹੋਣ ਜਾ ਰਿਹੈ ਇੰਪੋਰਟ

10/08/2019 1:33:31 PM

ਨਵੀਂ ਦਿੱਲੀ— ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਰਾਮਦ 'ਤੇ ਲਗਾਈ ਗਈ ਪਾਬੰਦੀ ਅਤੇ ਸਟਾਕ ਰੱਖਣ 'ਤੇ ਲਿਮਟ ਲਗਾਉਣ ਮਗਰੋਂ ਹੁਣ ਸਰਕਾਰ ਵੱਡੀ ਮਾਤਰਾ 'ਚ ਇਸ ਦੀ ਦਰਾਮਦ ਕਰਨ ਜਾ ਰਹੀ ਹੈ। ਇਸ ਨਾਲ ਉਮੀਦ ਹੈ ਲੋਕਾਂ ਦੀ ਜੇਬ ਨੂੰ ਜਲਦ ਰਾਹਤ ਮਿਲੇਗੀ।

ਸਰਕਾਰੀ ਕੰਪਨੀ ਮੈਟਲਸ ਤੇ ਮਿਨਰਲਸ ਟ੍ਰੇਡਿੰਗ ਕਾਰਪੋਰੇਸ਼ਨ (ਐੱਮ. ਐੱਮ. ਟੀ. ਸੀ.) ਨੇ 352 ਡਾਲਰ ਯਾਨੀ ਲਗਭਗ 24,992 ਰੁਪਏ ਪ੍ਰਤੀ ਟਨ ਦੀ ਪ੍ਰਾਈਸ ਲਿਮਟ ਨਾਲ 2,000 ਟਨ ਪਿਆਜ਼ ਦੀ ਦਰਾਮਦ ਲਈ ਨਵੀਂ ਬੋਲੀ ਮੰਗੀ ਹੈ। ਇਸ ਲਈ 17 ਅਕਤੂਬਰ ਤਕ ਟੈਂਡਰ ਭਰੇ ਜਾ ਸਕਦੇ ਹਨ।

 

ਦਰਾਮਦਕਰਤਾਵਾਂ ਨੂੰ ਪਿਆਜ਼ ਇਸੇ ਮਹੀਨੇ ਦੇ ਅੰਤ ਤਕ ਇੰਪੋਰਟ ਕਰਨਾ ਹੋਵੇਗਾ। ਉੱਥੇ ਹੀ, ਨਵੰਬਰ 'ਚ ਮਹਾਰਾਸ਼ਟਰ ਦਾ ਨਵਾਂ ਪਿਆਜ਼ ਵੀ ਬਾਜ਼ਾਰ 'ਚ ਆਉਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਸਤੰਬਰ 'ਚ ਵੀ 2,000 ਟਨ ਪਿਆਜ਼ ਇੰਪੋਰਟ ਕਰਨ ਲਈ ਬੋਲੀ ਮੰਗੀ ਸੀ, ਜੋ ਨਵੰਬਰ ਅੰਤ ਤਕ ਪੂਰਾ ਡਲਿਵਰ ਹੋਵੇਗਾ। ਸਰਕਾਰ ਨੇ ਹੁਣ ਤਕ ਸਭ ਤੋਂ ਵੱਧ ਖਰੀਦ ਅਫਗਾਨਿਸਤਾਨ ਤੋਂ ਕੀਤੀ ਹੈ।
ਸਰਕਾਰ ਮੁਤਾਬਕ 56,000 ਟਨ ਬਫਰ ਸਟਾਕ ਪਿਆਜ਼ 'ਚੋਂ 25,000 ਟਨ ਹੁਣ ਵੀ ਸਟਾਕ 'ਚ ਹੈ। ਜ਼ਿਕਰਯੋਗ ਹੈ ਕਿ ਬਰਾਮਦ 'ਤੇ ਲਗਾਈ ਗਈ ਪਾਬੰਦੀ ਤੇ ਵਪਾਰੀਆਂ 'ਤੇ ਸਟਾਕ ਲਿਮਟ ਲਾਉਣ ਨਾਲ ਪਿਆਜ਼ ਸਸਤੇ ਵੀ ਹੋਏ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਲਾਸਲਗਾਓਂ ਮੰਡੀ 'ਚ ਸੋਮਵਾਰ ਇਸ ਦਾ ਔਸਤ ਥੋਕ ਮੁੱਲ 37.29 ਰੁਪਏ ਪ੍ਰਤੀ ਕਿਲੋ ਸੀ, ਜਦੋਂ ਕਿ ਵੱਧ ਤੋਂ ਵੱਧ 38.25 ਰੁਪਏ ਪ੍ਰਤੀ ਕਿਲੋ ਤੇ ਘੱਟੋ-ਘੱਟ 15 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਉੱਥੇ ਹੀ, ਬਰਾਮਦ 'ਤੇ ਲਗਾਈ ਗਈ ਰੋਕ ਨਾਲ ਸ਼੍ਰੀਲੰਕਾ ਮਲੇਸ਼ੀਆ, ਬੰਗਲਾਦੇਸ਼ ਤੇ ਸੰਯੁਕਤ ਅਰਬ ਅਮੀਰਾਤ ਦੇ ਬਾਜ਼ਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਕਿਉਂਕਿ ਹਾਲ ਹੀ 'ਚ ਇਹ ਭਾਰਤੀ ਪਿਆਜ਼ ਦੇ ਸਭ ਤੋਂ ਵੱਡੇ ਇੰਪੋਰਟਰ ਸਨ।


Related News