ਆਟੇ ਦੀ ਵਧਦੀ ਕੀਮਤ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਫ਼ੈਸਲਾ, ਐਕਸਪੋਰਟ ’ਤੇ ਸਖ਼ਤੀ

07/08/2022 12:38:02 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ  ਆਟੇ ਦੀ ਵਧਦੀ ਕੀਮਤ ਨੂੰ ਰੋਕਣ ਲਈ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਆਟਾ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਐਕਸਪੋਰਟ ’ਤੇ ਸਖਤੀ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਦੇਸ਼ ’ਚ ਅਨਾਜ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ 13 ਮਈ ਨੂੰ ਕਣਕ ਐਕਸਪੋਰਟ ’ਤੇ ਰੋਕ ਲਗਾ ਦਿੱਤੀ ਸੀ। ਇਕ ਰਿਪੋਰਟ ਮੁਤਾਬਕ ਆਟੇ ਦੀ ਐਕਸਪੋਰਟ ਲਈ ਸਾਰੇ ਐਕਸਪੋਰਟਰਾਂ ਨੂੰ ਹੁਣ ਅੰਤਰ ਮੰਤਰਾਲਾ ਕਮੇਟੀ ਆਨ ਵ੍ਹੀਟ ਐਕਸਪੋਰਟ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ। ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਕਣਕ ਐਕਸਪੋਰਟ ’ਤੇ ਰੋਕ ਤੋਂ ਬਾਅਦ ਵਪਾਰੀ ਗਲਤ ਤਰੀਕੇ ਨਾਲ ਆਟੇ ਦੀ ਐਕਸਪੋਰਟ ਕਰ ਰਹੇ ਹਨ।

ਇਹ ਵੀ ਪੜ੍ਹੋ : ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਦੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੀਂ ਵਿਵਸਥਾ 12 ਜੁਲਾਈ ਤੋਂ ਲਾਗੂ ਹੋਵੇਗੀ। 6 ਜੁਲਾਈ ਤੋਂ ਪਹਿਲਾਂ ਲੋਡ ਕੀਤੇ ਗਏ ਸ਼ਿਪਮੈਂਟ ਜਾਂ 12 ਜੁਲਾਈ ਤੋਂ ਪਹਿਲਾਂ ਕਸਟਮ ਕੋਲ ਦਾਇਰ ਕੀਤੀ ਖੇਪ ਨੂੰ ਐਕਸਪੋਰਟ ਦੀ ਇਜਾਜ਼ਤ ਦਿੱਤੀ ਜਾਵੇਗੀ। ਡੀ. ਜੀ. ਐੱਫ. ਟੀ. ਦੇ ਨੋਟੀਫਿਕੇਸ਼ਨ ਮੁਤਾਬਕ ਆਟੇ ਦੇ ਨਾਲ-ਨਾਲ ਮੈਦੇ ਅਤੇ ਸੂਜੀ ਨੂੰ ਵੀ ਇਸ ਲਿਸਟ ’ਚ ਜਾਰੀ ਕੀਤਾ ਗਿਆ ਹੈ। ਯਾਨੀ ਇਨ੍ਹਾਂ ਦੀ ਐਕਸਪੋਰਟ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ। ਹਾਲਾਂਕਿ ਕਣਕ ਦੀ ਐਕਸਪੋਰਟ ’ਤੇ ਬੈਨ ਤੋਂ ਬਾਅਦ ਦੇਸ਼ ’ਚ ਆਟੇ ਦੀਆਂ ਕੀਮਤਾਂ ’ਚ ਕੁੱਝ ਕਮੀ ਆਈ ਹੈ।

ਸਰਕਾਰ ਨੇ ਕਿਉਂ ਉਠਾਇਆ ਇਹ ਕਦਮ

ਹਾਲਾਂਕਿ ਕਣਕ ਵਾਂਗ ਆਟੇ ਦੀ ਐਕਸਪੋਰਟ ’ਤੇ ਪੂਰੀ ਤਰ੍ਹਾਂ ਬੈਨ ਨਹੀਂ ਲਗਾਇਆ ਗਿਆ ਹੈ। ਕੁੱਝ ਰਿਪੋਰਟਾਂ ਮੁਤਾਬਕ ਭਾਰਤ ਤੋਂ ਅਪ੍ਰੈਲ ’ਚ ਕਰੀਬ 96,000 ਟਨ ਆਟੇ ਦੀ ਐਕਸਪੋਰਟ ਹੋਈ ਜੋ ਪਿਛਲੇ ਸਾਲ ਦੇ ਮੁਕਾਬਲੇ 26,000 ਟਨ ਵੱਧ ਹੈ। ਵਿੱਤੀ ਸਾਲ 2022 ’ਚ ਕਣਕ ਦੀ ਐਕਸਪੋਰਟ ’ਚ ਕਾਫੀ ਤੇਜ਼ੀ ਆਈ ਅਤੇ ਇਸੇ ਤਰਜ਼ ’ਤੇ ਆਟੇ ਦੀ ਐਕਸਪੋਰਟ ਵੀ ਵਧੀ। ਸੂਤਰਾਂ ਮੁਤਾਬਕ 13 ਮਈ ਨੂੰ ਕਣਕ ਐਕਸਪੋਰਟ ’ਤੇ ਰੋਕ ਤੋਂ ਬਾਅਦ ਆਟੇ ਦੀ ਐਕਸਪੋਰਟ ’ਚ ਅਚਾਨਕ ਕਾਫੀ ਉਛਾਲ ਦੇਖਣ ਲੱਗਾ ਸੀ। ਵਪਾਰੀ ਸਰਕਾਰ ਦੀਆਂ ਪਾਬੰਦੀਆਂ ’ਚ ਸੰਨ ਲਗਾਉਣ ਦੇ ਨਵੇਂ ਤਰੀਕੇ ਲੱਭ ਰਹੇ ਸਨ ਅਤੇ ਕਣਕ ਦੀ ਥਾਂ ਆਟੇ ਦੀ ਐਕਸਪੋਰਟ ਦੀ ਖੇਡ ਚੱਲ ਰਹੀ ਸੀ। ਇਸ ਨੂੰ ਰੋਕਣ ਲਈ ਸਰਕਾਰ ਨੇ ਇਹ ਕਦਮ ਉਠਾਇਆ ਹੈ।

ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News