ਕਿਸਾਨਾਂ ਨੂੰ ਜਲਦ ਜਾਰੀ ਹੋਣ ਜਾ ਰਹੀ ਹੈ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ

09/17/2019 1:41:31 PM

ਨਵੀਂ ਦਿੱਲੀ— ਕਿਸਾਨਾਂ ਲਈ ਖੁਸ਼ਖਬਰੀ ਹੈ। ਪੀ. ਐੱਮ. ਕਿਸਾਨ ਯੋਜਨਾ ਤਹਿਤ 2,000 ਰੁਪਏ ਦੀ ਦੂਜੀ ਕਿਸ਼ਤ ਜਲਦ ਹੀ ਉਨ੍ਹਾਂ ਦੇ ਖਾਤੇ 'ਚ ਪਹੁੰਚਣ ਵਾਲੀ ਹੈ। ਸਤੰਬਰ ਅੰਤ ਤਕ ਇਹ ਕਿਸ਼ਤ ਦਿੱਤੀ ਜਾ ਸਕਦੀ ਹੈ। 16 ਸਤੰਬਰ ਤਕ ਇਸ ਯੋਜਨਾ ਤਹਿਤ ਉਪਲੱਬਧ ਡਾਟਾ ਮੁਤਾਬਕ, ਰਜਿਸਟਰਡ ਕਿਸਾਨਾਂ ਨੂੰ ਦੂਜੀ ਕਿਸ਼ਤ ਦੇ 2 ਹਜ਼ਾਰ ਰੁਪਏ ਜੁਲਾਈ 'ਚ ਹੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਹੁਣ ਵੀ ਕਈ ਸੂਬੇ ਹਨ ਜਿਨ੍ਹਾਂ 'ਚ ਸਿਰਫ 30-35 ਫੀਸਦੀ ਕਿਸਾਨਾਂ ਨੂੰ ਦੂਜੀ ਕਿਸ਼ਤ ਮਿਲੀ ਹੈ। ਕਮਜ਼ੋਰ ਹਾਲਾਤ 'ਚ ਮੰਗ ਨੂੰ ਵਧਾਉਣ ਲਈ ਹੁਣ ਖੇਤੀਬਾੜੀ ਮੰਤਰਾਲਾ ਫੰਡ ਰਿਲੀਜ਼ ਕਰਨ ਜਾ ਰਿਹਾ ਹੈ।
 

 

ਸਰਕਾਰੀ ਡਾਟਾ ਮੁਤਾਬਕ, ਪੀ. ਐੱਮ. ਕਿਸਾਨ ਯੋਜਨਾ 'ਚ ਹੁਣ ਤਕ ਸੱਤ ਕਰੋੜ ਤੋਂ ਵੱਧ ਕਿਸਾਨ ਰਜਿਸਟਰਡ ਹੋ ਗਏ ਹਨ। ਇਨ੍ਹਾਂ 'ਚੋਂ ਤਕਰੀਬਨ 3 ਕਰੋੜ 83 ਲੱਖ ਕਿਸਾਨਾਂ ਦੇ ਖਾਤੇ 'ਚ ਹੀ ਦੂਜੀ ਕਿਸ਼ਤ ਦੇ 2 ਹਜ਼ਾਰ ਰੁਪਏ ਟਰਾਂਸਫਰ ਹੋਏ ਹਨ। ਡਾਟਾ ਮੁਤਾਬਕ, ਉੱਤਰ ਪ੍ਰਦੇਸ਼ ਦੇ 1 ਕਰੋੜ 8 ਲੱਖ, ਮਹਾਰਾਸ਼ਟਰ ਦੇ 20 ਲੱਖ, ਰਾਜਸਥਾਨ ਦੇ 22 ਲੱਖ, ਗੁਜਰਾਤ ਦੇ 38 ਲੱਖ ਤੇ ਆਂਧਰਾ ਪ੍ਰਦੇਸ਼ ਦੇ 33 ਲੱਖ ਕਿਸਾਨਾਂ ਨੂੰ ਦੂਜੀ ਕਿਸ਼ਤ ਟਰਾਂਸਫਰ ਹੋਈ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ 'ਚ ਮੋਦੀ ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਪੇਸ਼ ਕੀਤੀ ਸੀ, ਜਿਸ ਤਹਿਤ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦਿੱਤੇ ਜਾ ਰਹੇ ਹਨ। ਇਹ ਯੋਜਨਾ 1 ਦਸੰਬਰ 2018 ਤੋਂ ਲਾਗੂ ਕੀਤੀ ਮੰਨੀ ਗਈ ਸੀ। ਦਸੰਬਰ ਤੋਂ ਮਾਰਚ ਵਿਚਕਾਰ ਪਹਿਲੀ ਕਿਸ਼ਤ, ਅਪ੍ਰੈਲ ਤੋਂ ਜੁਲਾਈ ਵਿਚਕਾਰ ਦੂਜੀ ਕਿਸ਼ਤ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜਦੋਂ ਕਿ ਅਗਸਤ ਤੋਂ ਨਵੰਬਰ ਵਿਚਕਾਰ ਤੀਜੀ ਕਿਸ਼ਤ ਦਾ ਭੁਗਤਾਨ ਕੀਤਾ ਜਾਣਾ ਹੈ। ਸਰਕਾਰ ਨੇ 1 ਅਗਸਤ ਤੋਂ ਲਾਭਪਾਤਰ ਕਿਸਾਨਾਂ ਦੇ ਖਾਤੇ 'ਚ 2,000 ਰੁਪਏ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਹਨ।


Related News