ਬਜਟ 'ਚ ਸਮਾਰਟ ਫੋਨ ਸਣੇ 50 ਚੀਜ਼ਾਂ 'ਤੇ ਵੱਧ ਸਕਦੀ ਹੈ ਦਰਾਮਦ ਡਿਊਟੀ
Tuesday, Jan 19, 2021 - 02:46 PM (IST)
ਨਵੀਂ ਦਿੱਲੀ- ਸਮਾਰਟ ਫੋਨ ਅਤੇ ਟੀ. ਵੀ., ਫਰਿੱਜ ਵਰਗੇ ਇਲੈਕਟ੍ਰਾਨਿਕ ਸਮਾਨ ਖ਼ਰੀਦਣਾ ਮਹਿੰਗਾ ਹੋ ਸਕਦਾ ਹੈ। 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਸਰਕਾਰ ਆਤਮਨਿਰਭਰ ਭਾਰਤ ਮੁਹਿੰਮ ਤਹਿਤ ਘਰੇਲੂ ਨਿਰਮਾਣ ਨੂੰ ਬੜ੍ਹਾਵਾ ਦੇਣ ਅਤੇ ਮਾਲੀਆ ਜੁਟਾਉਣ ਦੇ ਮਕਸਦ ਨਾਲ ਸਮਾਰਟ ਫੋਨ, ਇਲੈਕਟ੍ਰਾਨਿਕ ਸਾਮਾਨਾਂ ਸਣੇ 50 ਚੀਜ਼ਾਂ 'ਤੇ ਦਰਾਮਦ ਡਿਊਟੀ ਵਧਾ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਚੀਜ਼ਾਂ 'ਤੇ 5 ਤੋਂ 10 ਫ਼ੀਸਦੀ ਦਰਾਮਦ ਡਿਊਟੀ ਵਧਾਉਣ ਦਾ ਵਿਚਾਰ ਕਰ ਰਹੀ ਹੈ।
ਕੋਵਿਡ-19 ਮਹਾਮਾਰੀ ਦੌਰਾਨ ਖ਼ਰਚ ਕਰਨ ਲਈ ਜੂਝ ਰਹੀ ਸਰਕਾਰ ਨੂੰ ਇਸ ਕਦਮ ਨਾਲ 210 ਅਰਬ ਰੁਪਏ ਦਾ ਵਾਧੂ ਮਾਲੀਆ ਜੁਟਾਉਣ ਵਿਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮਨਿਰਭਰ ਭਾਰਤ ਤਹਿਤ ਘਰੇਲੂ ਚੀਜ਼ਾਂ ਨੂੰ ਬੜ੍ਹਾਵਾ ਦੇਣ ਅਤੇ ਮੇਕ ਇਨ ਇੰਡੀਆ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਿਆ ਹੈ, ਜਿਸ ਨਾਲ ਭਾਰਤ ਵਿਚ ਵੱਧ ਤੋਂ ਵੱਧ ਰੁਜ਼ਗਾਰ ਵੀ ਪੈਦਾ ਹੋਣ।
ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਮਾਰਟ ਫੋਨ, ਟੀ. ਵੀ., ਫਰਿੱਜ ਅਤੇ ਏ. ਸੀ. 'ਤੇ ਦਰਾਮਦ ਡਿਊਟੀ ਵਧਾਉਣ ਦੀ ਤਿਆਰੀ ਆਤਮਨਿਰਭਰ ਭਾਰਤ ਮੁਹਿੰਮ ਯੋਜਨਾ ਦਾ ਹਿੱਸਾ ਹੈ। ਗੌਰਤਲਬ ਹੈ ਕਿ ਟੀ. ਵੀ. ਪੈਨਲ 'ਤੇ ਦਰਾਮਦ ਡਿਊਟੀ ਵਧਣ ਨਾਲ 1 ਜਨਵਰੀ 2021 ਤੋਂ ਟੈਲੀਵਿਜ਼ਨ ਦੀਆਂ ਕੀਮਤਾਂ ਵਿਚ 5 ਫ਼ੀਸਦੀ ਤੱਕ ਉਛਾਲ ਆ ਚੁੱਕਾ ਹੈ, ਜੋ ਬਜਟ ਤੋਂ ਬਾਅਦ ਹੋਰ ਮਹਿੰਗੇ ਹੋ ਸਕਦੇ ਹਨ।
ਟੈਸਲਾ-ਆਈਕੀਆ ਨੂੰ ਵੀ ਲੱਗੇਗਾ ਝਟਕਾ-
ਸਰਕਾਰ ਜੇਕਰ ਬਜਟ ਵਿਚ ਦਰਾਮਦ ਡਿਊਟੀ ਵਧਾਉਂਦੀ ਹੈ ਤਾਂ ਅਮਰੀਕੀ ਈ-ਵਾਹਨ ਕੰਪਨੀ ਟੈਸਲਾ ਨੂੰ ਭਾਰਤ ਵਿਚ ਆਉਣ ਤੋਂ ਪਹਿਲਾਂ ਹੀ ਝਟਕਾ ਲੱਗ ਸਕਦਾ ਹੈ। ਇਸ ਤੋਂ ਇਲਾਵਾ ਸਵੀਡਨ ਦੀ ਫਰਨੀਚਰ ਕੰਪਨੀ ਆਈਕੀਆ ਦੇ ਉਤਪਾਦਾਂ 'ਤੇ ਵੀ ਵਧੀ ਦਰਾਮਦ ਡਿਊਟੀ ਦੀ ਮਾਰ ਪਵੇਗੀ। ਸਰਕਾਰ ਨੇ ਪਿਛਲੇ ਸਾਲ ਵੀ ਫਰਨੀਚਰ, ਫੁਟਵੀਅਰ, ਖਿਡੌਣੇ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਸਮਾਨਾਂ 'ਤੇ 20 ਫ਼ੀਸਦੀ ਤੱਕ ਦਰਾਮਦ ਡਿਊਟੀ ਵਧਾਈ ਸੀ।