ਸਰਕਾਰ ਨੇ ਵਿੰਡਫਾਲ ਟੈਕਸ ’ਚ ਕੀਤੀ ਵੱਡੀ ਕਟੌਤੀ, ATF ’ਤੇ ਵਾਧੂ ਐਕਸਾਈਜ਼ ਡਿਊਟੀ ਵੀ ਘਟਾਈ
Friday, Feb 17, 2023 - 12:46 PM (IST)
ਨਵੀਂ ਦਿੱਲੀ (ਭਾਸ਼ਾ) - ਮੋਦੀ ਸਰਕਾਰ ਨੇ ਦੇਸ਼ ਦੇ ਪੈਟਰੋਲਿਅਮ ਪ੍ਰੋਡਕਟਸ ਦਾ ਉਤਪਾਦਨ ਅਤੇ ਏਕਸਪੋਰਟ ਕਰਨ ਵਾਲੀ ਕੰਪਨੀਆਂ ਨੂੰ ਭਾਰੀ ਰਾਹਤ ਦਿੱਤੀ ਹੈ। ਸਰਕਾਰ ਨੇ ਕਰੂਡ ਆਇਲ ਯਾਨੀ ਕੱਚੇ ਤੇਲ ਦੇ ਉਤਪਾਦਨ ’ਤੇ ਲੱਗਣ ਵਾਲੇ ਵਿੰਡਫਾਲ ਪ੍ਰਾਫਿਟ ਟੈਕਸ ’ਚ ਭਾਰੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਡੀਜ਼ਲ ਦੇ ਐਕਸਪੋਰਟ ’ਤੇ ਲਾਏ ਗਏ ਵਿੰਡਫਾਲ ਟੈਕਸ ਨੂੰ ਵੀ ਘਟਾ ਕੇ ਪਹਿਲਾਂ ਦੇ ਮੁਕਾਬਲੇ ਇਕ-ਤਿਹਾਈ ਕਰ ਦਿੱਤਾ ਗਿਆ ਹੈ। ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਦੇਣ ਵਾਲੇ ਨੋਟੀਫਿਕੇਸ਼ਨ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਯਾਨੀ ਵੀਰਵਾਰ ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਟੈਕਸਦਾਤਾ 1 ਅਪ੍ਰੈਲ ਤੋਂ ਦਾਖ਼ਲ ਕਰ ਸਕਣਗੇ ਆਮਦਨ ਟੈਕਸ ਰਿਟਰਨ, ਜਾਰੀ ਹੋਏ ਫਾਰਮ
ਹੁਣ ਕਿੰਨਾ ਲੱਗੇਗਾ ਵਿੰਡਫਾਲ ਟੈਕਸ
ਟੈਕਸ ’ਚ ਕਟੌਤੀ ਕੀਤੇ ਜਾਣ ਤੋਂ ਬਾਅਦ ਹੁਣ ਕਰੂਡ ਆਇਲ ’ਤੇ ਲੱਗਣ ਵਾਲਾ ਵਿੰਡਫਾਲ ਟੈਕਸ ਘਟ ਕੇ 4350 ਰੁਪਏ ਪ੍ਰਤੀ ਟਨ ਰਹਿ ਗਿਆ ਹੈ। ਹੁਣ ਤੱਕ ਇਸ ’ਤੇ 5050 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿੰਡਫਾਲ ਟੈਕਸ ਦੇਣਾ ਪੈਂਦਾ ਸੀ। ਇਸ ਤਰ੍ਹਾਂ ਡੀਜ਼ਲ ਦੇ ਐਕਸਪੋਰਟ ’ਤੇ ਹੁਣ ਸਿਰਫ 2.50 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵਿੰਡਫਾਲ ਟੈਕਸ ਦੇਣਾ ਹੋਵੇਗਾ, ਜੋ ਹੁਣ ਤੱਕ 7.5 ਰੁਪਏ ਪ੍ਰਤੀ ਲਿਟਰ ਹੋਇਆ ਕਰਦਾ ਸੀ। ਯਾਨੀ ਡੀਜ਼ਲ ਦੇ ਐਕਸਪੋਰਟ ’ਤੇ ਵਸੂਲੇ ਜਾਣ ਵਾਲੇ ਵਿੰਡਫਾਲ ਟੈਕਸ ਨੂੰ ਸਰਕਾਰ ਨੇ ਘਟਾ ਕੇ ਪਹਿਲਾਂ ਦੇ ਮੁਕਾਬਲੇ ਇਕ-ਤਿਹਾਈ ਕਰ ਦਿੱਤਾ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਇਹ ਵੀ ਦੱਸਿਆ ਗਿਆ ਹੈ ਕਿ ਹਵਾਈ ਜਹਾਜ ’ਚ ਇਸਤੇਮਾਲ ਹੋਣ ਵਾਲੇ ਐਵੀਏਸ਼ਨ ਟ੍ਰਬਾਈਨ ਫਿਊਲ (ਏ. ਟੀ. ਐੱਫ.) ’ਤੇ ਲਾਈ ਗਈ ਵਾਧੂ ਐਕਸਾਈਜ਼ ਡਿਊਟੀ ਨੂੰ ਵੀ 6 ਰੁਪਏ ਪ੍ਰਤੀ ਲਿਟਰ ਤੋਂ ਘਟਾ ਕੇ 1.5 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਟੈਲੀਮਾਰਕਟਿੰਗ ਸੰਦੇਸ਼ਾਂ 'ਤੇ TRAI ਹੋਇਆ ਸਖ਼ਤ, ਹੁਣ ਕੰਪਨੀਆਂ ਨੂੰ ਕਰਨਾ ਹੋਵੇਗਾ ਇਹ ਕੰਮ
ਪੈਟਰੋਲ ਦੀ ਵਿਕਰੀ 18 ਫ਼ੀਸਦੀ ਵਧ ਕੇ 12.2 ਲੱਖ ਟਨ ’ਤੇ
ਦੇਸ਼ ’ਚ ਈਂਧਨ ਦੀ ਮੰਗ ’ਚ ਫਰਵਰੀ ’ਚ ਸਭ ਤੋਂ ਤੇਜ਼ ਉਛਾਲ ਆਇਆ। ਵੀਰਵਾਰ ਨੂੰ ਆਏ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਪਈ ਜ਼ੋਰਦਾਰ ਠੰਡ ਕਾਰਨ ਇਸ ਮਹੀਨੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਦੋ ਅੰਕ ’ਚ ਵਧੀ ਹੈ। ਅੰਕੜਿਆਂ ਮੁਤਾਬਕ ਫਰਵਰੀ ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਦੀ ਵਿਕਰੀ ਲਗਭਗ 18 ਫ਼ੀਸਦੀ ਵਧ ਕੇ 12.2 ਲੱਖ ਟਨ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 10.4 ਲੱਖ ਟਨ ਸੀ। ਇਹ ਅੰਕੜਾ 2021 ’ਚ ਫਰਵਰੀ ਦੇ ਪਹਿਲੇ ਪੰਦਰਵਾੜੇ ਦੇ ਮੁਕਾਬਲੇ 18.3 ਫ਼ੀਸਦੀ ਜ਼ਿਆਦਾ ਹੈ। ਸਮੀਖਿਆ ਅਧੀਨ ਮਿਆਦ ’ਚ ਮਹੀਨਾਵਾਰੀ ਆਧਾਰ ’ਤੇ ਪੈਟਰੋਲ ਦੀ ਮੰਗ ’ਚ 13.6 ਫ਼ੀਸਦੀ ਵਾਧਾ ਹੋਇਆ। ਇਸ ਤੋਂ ਪਹਿਲਾਂ ਜਨਵਰੀ ’ਚ ਮਹੀਨਾਵਾਰੀ ਆਧਾਰ ’ਤੇ ਮੰਗ 5.1 ਫ਼ੀਸਦੀ ਘਟ ਗਈ ਸੀ। ਠੰਡ ਦੇ ਮੌਸਮ ’ਚ ਵਾਹਨਾਂ ਦੀ ਆਵਾਜਾਈ ਘਟਣ ਕਾਰਨ ਇਹ ਕਮੀ ਆਈ ਸੀ। ਦੇਸ਼ ’ਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੇ ਈਂਧਨ ਡੀਜ਼ਲ ਦੀ ਵਿਕਰੀ 1-15 ਫਰਵਰੀ ਦੌਰਾਨ ਸਾਲਾਨਾ ਆਧਾਰ ’ਤੇ ਲਗਭਗ 25 ਫ਼ੀਸਦੀ ਵਧ ਕੇ 33.3 ਲੱਖ ਟਨ ਹੋ ਗਈ।
ਇਹ ਵੀ ਪੜ੍ਹੋ : ਕੇਂਦਰ ਨੇ ਭਾਰਤ-ਚਿਲੀ ਖੇਤੀਬਾੜੀ ਸਹਿਯੋਗ ਲਈ ਸਹਿਮਤੀ ਪੱਤਰ 'ਤੇ ਦਸਤਖਤ ਨੂੰ ਦਿੱਤੀ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।