ਸਰਕਾਰ ਨਿੱਜੀ ਰੇਲਗੱਡੀਆਂ ਨੂੰ ਬੜ੍ਹਾਵਾ ਦੇਣ ਲਈ ਚੁੱਕ ਸਕਦੀ ਹੈ ਵੱਡਾ ਕਦਮ!

Tuesday, Aug 17, 2021 - 03:41 PM (IST)

ਸਰਕਾਰ ਨਿੱਜੀ ਰੇਲਗੱਡੀਆਂ ਨੂੰ ਬੜ੍ਹਾਵਾ ਦੇਣ ਲਈ ਚੁੱਕ ਸਕਦੀ ਹੈ ਵੱਡਾ ਕਦਮ!

ਨਵੀਂ ਦਿੱਲੀ- ਸਰਕਾਰ ਰੇਲਵੇ ਵਿਚ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਲਈ ਇਕ ਵੱਡਾ ਕਦਮ ਚੁੱਕ ਸਕਦੀ ਹੈ। ਮਨੀਕੰਟਰੋਲ ਦੀ ਰਿਪੋਰਟ ਵਿਚ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੇਲਵੇ ਨਿੱਜੀ ਰੇਲਗੱਡੀਆਂ ਚਲਾਉਣ ਲਈ ਖੋਲ੍ਹੇ ਗਏ ਮੌਜੂਦਾ ਟੈਂਡਰ ਸਮਾਪਤ ਕਰਨ ਤੋਂ ਬਾਅਦ ਜਲਦ ਹੀ ਨਿਲਾਮੀ ਦੁਬਾਰਾ ਸ਼ੁਰੂ ਕਰੇਗਾ।

ਰਿਪੋਰਟ ਅਨੁਸਾਰ, ਸਰਕਾਰ ਜਲਦ ਹੀ ਨਿੱਜੀ ਰੇਲ ਗੱਡੀਆਂ ਲਈ ਨਵੇਂ ਟੈਂਡਰ ਲਿਆ ਸਕਦੀ ਹੈ। ਦਰਅਸਲ, ਰੇਲ ਮੰਤਰਾਲਾ ਪੁਰਾਣਾ ਟੈਂਡਰ ਰੱਦ ਕਰਨ ਦੀ ਪ੍ਰਕਿਰਿਆ ਵਿਚ ਹੈ, ਜਿਸ ਕਾਰਨ ਮੌਜੂਦਾ ਨਿਲਾਮੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਜਾਵੇਗਾ। ਰਿਪੋਰਟ ਅਨੁਸਾਰ ਰੇਲਵੇ ਮੰਤਰਾਲੇ ਨੇ ਇਹ ਫ਼ੈਸਲਾ ਪੂਰੇ ਪ੍ਰਾਜੈਕਟ ਨੂੰ ਮਿਲੇ ਠੰਡੇ ਹੁੰਗਾਰੇ ਤੋਂ ਬਾਅਦ ਲਿਆ ਹੈ।

ਰਿਪੋਰਟ ਅਨੁਸਾਰ, ਇਹ ਟੈਂਡਰ ਨਵੇਂ ਕਾਰੋਬਾਰੀ ਮਾਡਲ ਨਾਲ ਖੋਲ੍ਹੇ ਜਾਣਗੇ। ਰੈਵੇਨਿਊ ਸ਼ੇਅਰਿੰਗ, ਹੌਲੇਜ ਚਾਰਜ ਵਿਚ ਢਿੱਲ ਦੇਣੀ ਵੀ ਸੰਭਵ ਹੈ। ਨਾਲ ਹੀ, ਰੋਲਿੰਗ ਸਟਾਕ ਦੀ ਖ਼ਰੀਦ ਅਤੇ ਕਿਰਾਏ ਦੀਆਂ ਸ਼ਰਤਾਂ ਉਦਯੋਗ ਪੱਖੀ ਹੋਣਗੀਆਂ। ਗੌਰਤਲਬ ਹੈ ਕਿ ਸਰਕਾਰ ਰੇਲਗੱਡੀਆਂ ਤੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਲਈ ਕਈ ਕਦਮ ਉਠਾ ਰਹੀ ਹੈ, ਤੋਂ ਜੋ ਲੋਕਾਂ ਨੂੰ ਸਹੂਲਤਾਂ ਉਪਲਬਧ ਹੋ ਸਕਣ। ਜਲਦ ਹੀ ਦੇਸ਼ ਦੇ ਕਈ ਸਾਰੇ ਸਟੇਸ਼ਨਾਂ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਉੱਥੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 15 ਅਗਸਤ, 2023 ਤੱਕ 75 ਨਵੀਆਂ ਵੰਦੇ ਭਾਰਤ ਰੇਲਗੱਡੀਆਂ ਚਲਾਈਆਂ ਜਾਣਗੀਆਂ।


author

Sanjeev

Content Editor

Related News