ਦਿੱਲੀ ''ਚ ਅਪ੍ਰੈਲ ਤੋਂ ਵਿਕੇਗਾ BS-VI ਤੇਲ, 2018 ਤੋਂ ਨਿਯਮ ਹੋਵੇਗਾ ਲਾਗੂ

11/16/2017 7:53:21 AM

ਨਵੀਂ ਦਿੱਲੀ— ਦਿੱਲੀ 'ਚ ਵਧਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ 2 ਸਾਲ ਪਹਿਲਾਂ ਅਪ੍ਰੈਲ 2018 ਤੋਂ ਹੀ ਬੀ. ਐੱਸ.-6 ਨਿਯਮ ਲਾਗੂ ਕੀਤੇ ਜਾਣਗੇ। ਇਸ ਤਹਿਤ ਦਿੱਲੀ 'ਚ ਬੀ. ਐੱਸ.-6 ਨਿਯਮ ਤਹਿਤ ਪੈਟਰੋਲ ਅਤੇ ਡੀਜ਼ਲ ਵਿਕਣ ਲੱਗੇਗਾ। ਪੈਟਰੋਲੀਅਮ ਮੰਤਰਾਲੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਨਿਯਮ ਅਪ੍ਰੈਲ 2020 ਤੋਂ ਲਾਗੂ ਕਰਨ ਦੀ ਯੋਜਨਾ ਸੀ। ਪੈਟਰੋਲੀਅਮ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰੀ ਤੇਲ ਕੰਪਨੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਦਿੱਲੀ 'ਚ ਤੈਅ ਸਮੇਂ ਤੋਂ ਪਹਿਲਾਂ ਯਾਨੀ 1 ਅਪ੍ਰੈਲ 2018 ਤੋਂ ਬੀ. ਐੱਸ.-6 ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) 'ਚ ਬੀ. ਐੱਸ.-6 ਤੇਲ 1 ਅਪ੍ਰੈਲ 2019 ਤੋਂ ਵਿਕਣਾ ਸ਼ੁਰੂ ਹੋ ਜਾਵੇਗਾ।

ਉੱਥੇ ਹੀ, ਪੂਰੇ ਦੇਸ਼ 'ਚ ਬੀ. ਐੱਸ.-6 ਨਿਯਮ 2020 'ਚ ਲਾਗੂ ਹੋਵੇਗਾ। ਭਾਰਤੀ ਆਟੋਮੇਕਰਜ਼ ਨੂੰ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ 'ਚ ਬੀ. ਐੱਸ.-4 ਤੋਂ ਸਿੱਧੇ ਬੀ. ਐੱਸ.-6 'ਤੇ ਸ਼ਿਫਟ ਕਰਨਾ ਹੋਵੇਗਾ। ਨਵੇਂ ਨਿਯਮਾਂ ਤਹਿਤ ਆਧੁਨਿਕ ਤਕਨੀਕ ਦੀ ਲੋੜ ਪਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੱਡੀਆਂ ਦੁਆਰਾ ਪ੍ਰਦੂਸ਼ਣ ਬਹੁਤ ਘੱਟ ਹੋਵੇਗਾ। ਇਸ ਦਾ ਅਰਥ ਇਹ ਵੀ ਹੋਵੇਗਾ ਕਿ ਇੰਜਣ ਸਿਸਟਮ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਜਾਣਗੇ। ਹਾਲਾਂਕਿ ਬੀ. ਐੱਸ.-6 ਤੇਲ ਦੇ ਲਾਗੂ ਹੋਣ ਮਗਰੋਂ ਤੁਹਾਡੀ ਬੀ. ਐੱਸ.-4 ਇੰਜਣ ਵਾਲੇ ਵਾਹਨ 'ਤੇ ਇਸ ਦਾ ਕੋਈ ਫਰਕ ਨਹੀਂ ਪਵੇਗਾ। ਦੇਸ਼ ਵਿਚ ਬੀ. ਐੱਸ.-4 ਵਾਹਨ ਇਸੇ ਸਾਲ ਅਪ੍ਰੈਲ ਵਿਚ ਲਾਂਚ ਕੀਤੇ ਗਏ ਸਨ। ਇਸ ਤੋਂ ਪਹਿਲਾਂ ਦੇਸ਼ ਵਿਚ ਬੀ. ਐੱਸ.-3 ਵਾਹਨ ਚੱਲ ਰਹੇ ਸਨ ਪਰ ਹੁਣ ਇਨ੍ਹਾਂ ਵਾਹਨਾਂ ਵਿਚ ਵੀ ਬੀ. ਐੱਸ.-4 ਦਾ ਇੰਜਣ ਚੱਲ ਰਿਹਾ ਹੈ। ਇਸੇ ਤਰ੍ਹਾਂ ਨਵੇਂ ਤੇਲ ਦੇ ਆਉਣ ਤੋਂ ਬਾਅਦ ਵੀ ਪੁਰਾਣੇ ਵਾਹਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਪਰ ਨਵੇਂ ਪੈਟਰੋਲ ਦੀ ਕੀਮਤ ਲਗਭਗ 1.40  ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਲਗਭਗ 65 ਪੈਸੇ ਪ੍ਰਤੀ ਲੀਟਰ ਜ਼ਿਆਦਾ ਹੋ ਸਕਦੀ ਹੈ।


Related News