ਰੁਜ਼ਗਾਰ ਦੇ ਮੋਰਚੇ ''ਤੇ ਚੰਗੀ ਖ਼ਬਰ, ਨੌ ਖੇਤਰਾਂ ''ਚ ਨੌਕਰੀਆਂ ਦੀ ਗਿਣਤੀ ਦੋ ਲੱਖ ਵਧੀ

Tuesday, Jan 11, 2022 - 12:33 PM (IST)

ਰੁਜ਼ਗਾਰ ਦੇ ਮੋਰਚੇ ''ਤੇ ਚੰਗੀ ਖ਼ਬਰ, ਨੌ ਖੇਤਰਾਂ ''ਚ ਨੌਕਰੀਆਂ ਦੀ ਗਿਣਤੀ ਦੋ ਲੱਖ ਵਧੀ

ਨਵੀਂ ਦਿੱਲੀ- ਕੋਰੋਨਾ ਸੰਕਟ ਦੇ ਵਿਚਾਲੇ ਰੁਜ਼ਗਾਰ ਬਾਜ਼ਾਰ ਦੀ ਸਥਿਤੀ 'ਚ ਸੁਧਾਰ ਹੋਇਆ ਹੈ। ਕਿਰਤ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਤਿਮਾਹੀ ਰੁਜ਼ਗਾਰ ਸਰਵੇਖਣ ਅਨੁਸਾਰ ਨੌ ਚੁਣੇ ਗਏ ਖੇਤਰਾਂ 'ਚ ਕੁੱਲ ਰੁਜ਼ਗਾਰ ਦੀ ਗਿਣਤੀ ਜੁਲਾਈ-ਸਤੰਬਰ 2021 ਦੌਰਾਨ ਵਧ ਕੇ 3.10 ਕਰੋੜ ਰਹੀ, ਜੋ ਅਪ੍ਰੈਲ-ਜੂਨ ਦੇ ਮੁਕਾਬਲੇ ਦੋ ਲੱਖ ਜ਼ਿਆਦਾ ਹੈ। ਲੇਬਰ ਅਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੇ ਕਿਰਤ ਬਿਊਰੋ ਵਲੋਂ ਤਿਆਰ ਤਿਮਾਹੀ ਰੁਜ਼ਗਾਰ ਸਰਵੇਖਣ (ਕਿਊ.ਈ.ਐੱਸ.) ਨੂੰ ਜਾਰੀ ਕੀਤਾ, ਜਿਸ ਦੇ ਮੁਤਾਬਕ ਅਪ੍ਰੈਲ ਤੋਂ ਜੂਨ 2021 'ਚੋਂ ਨੌ ਚੁਣੇ ਖੇਤਰਾਂ 'ਚ ਕੁੱਲ ਰੁਜ਼ਗਾਰ ਦੀ ਗਿਣਤੀ 3.08 ਕਰੋੜ ਸੀ। 
ਜ਼ਿਆਦਾ ਗਤੀਵਿਧੀਆਂ 'ਚ ਸੁਧਾਰ ਨਾਲ ਵਧੇ ਨਵੇਂ ਮੌਕੇ
ਇਹ ਅੰਕੜੇ ਕੋਵਿਡ-19 ਲਾਗ ਦੀ ਦੂਜੀ ਲਹਿਰ ਤੋਂ ਬਾਅਦ ਸੂਬਿਆਂ ਵਲੋਂ ਤਾਲਾਬੰਦੀ ਪਾਬੰਦੀਆਂ ਨੂੰ ਹਟਾਉਣ ਦੇ ਚੱਲਦੇ ਆਰਥਿਕ ਗਤੀਵਿਧੀਆਂ 'ਚ ਹੋਏ ਸੁਧਾਰ ਨੂੰ ਦਰਸਾਉਂਦੇ ਹਨ। ਇਹ ਨੌ ਖੇਤਰ ਵਿਨਿਰਮਾਣ, ਨਿਰਮਾਣ, ਵਪਾਰ, ਟਰਾਂਸਪੋਰਟ, ਸਿੱਖਿਆ, ਸਿਹਤ, ਰਿਹਾਇਸ਼ ਤੇ ਰੈਸਟੋਰੈਂਟ, ਆਈ.ਟੀ./ਬੀ.ਪੀ.ਓ. (ਬਿਜਨੈੱਸ ਪ੍ਰੋਸੈੱਸ ਆਊਟਸੋਰਸਿੰਗ) ਅਤੇ ਵਿੱਤੀ ਸੇਵਾਵਾਂ ਹਨ। ਇਹ ਇਸ ਲੜੀ ਦੀ ਦੂਜੀ ਰਿਪੋਰਟ ਹੈ। ਪਹਿਲੀ ਰਿਪੋਰਟ ਅਪ੍ਰੈਲ-ਜੂਨ 2021 ਦੀ ਸੀ। ਇਸ ਅਧਿਐਨ 'ਚ 10 ਜਾਂ ਜ਼ਿਆਦਾ ਕਰਮਚਾਰੀਆਂ ਵਾਲੇ ਸਥਾਪਨਾਵਾਂ ਨੂੰ ਸ਼ਾਮਲ ਕੀਤਾ ਗਿਆ। ਯਾਦਵ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਅਧਿਐਨਾਂ ਤੋਂ ਸਰਕਾਰ ਨੂੰ ਸਬੂਤ ਆਧਾਰਿਤ ਨੀਤੀ ਬਣਾਉਣ 'ਚ ਮਦਦ ਮਿਲੇਗੀ। 
ਕੋਰੋਨਾ ਤੋਂ ਬਾਅਦ ਤੇਜ਼ੀ ਨਾਲ ਵਧੀ ਸੀ ਬੇਰੁਜ਼ਗਾਰੀ
ਕੋਰੋਨਾ ਲਾਗ ਦੇ ਆਉਣ ਤੋਂ ਬਾਅਦ ਦੇਸ਼ 'ਚ ਤੇਜ਼ੀ ਨਾਲ ਬੇਰੁਜ਼ਗਾਰੀ ਵਧੀ ਸੀ। ਇਸ ਦੀ ਵਜ੍ਹਾ ਤਾਲਾਬੰਦੀ ਦੇ ਚੱਲਦੇ ਉਦਯੋਗ ਅਤੇ ਬਾਜ਼ਾਰ ਬੰਦ ਹੋਣਾ ਸੀ ਪਰ ਹੁਣ ਹਾਲਤ 'ਚ ਤੇਜ਼ੀ ਨਾਲ ਸੁਧਾਰ ਆਇਆ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਕਾਰਨ ਆਉਣ ਵਾਲੇ ਕੁਝ ਸਮੇਂ 'ਚ ਹਾਲਤ ਖਰਾਬ ਹੋਣ ਦਾ ਖਦਸ਼ਾ ਹੈ ਪਰ ਉਸ ਤੋਂ ਬਾਅਦ ਹਾਲਤ ਹੋਰ ਬਿਹਤਰ ਹੋਣ ਦੀ ਉਮੀਦ ਹੈ। ਉਧਰ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ ਦੀ ਰਿਪੋਰਟ ਅਨੁਸਾਰ 31 ਦਸੰਬਰ ਤੱਕ ਭਾਰਤ ਦੀ ਕੁੱਲ ਬੇਰੁਜ਼ਗਾਰੀ 7.31 ਫੀਸਦੀ ਸੀ। ਇਸ 'ਚ ਸ਼ਹਿਰੀ ਬੇਰੁਜ਼ਗਾਰੀ 7.9 ਫੀਸਦੀ ਅਤੇ ਪੇਂਡੂ ਬੇਰੁਜ਼ਗਾਰੀ 7 ਫੀਸਦੀ ਸੀ।


author

Aarti dhillon

Content Editor

Related News