ਰੇਲ ਮੁਸਾਫਰਾਂ ਨੂੰ IRCTC ਦਾ ਤੋਹਫਾ, ਹੁਣ ਜਲਦ ਕਨਫਰਮ ਹੋਵੇਗੀ ਟਿਕਟ

01/19/2019 12:43:33 PM

ਨਵੀਂ ਦਿੱਲੀ— ਹੁਣ ਉਡੀਕ ਟਿਕਟ ਵਾਲੇ ਯਾਤਰੀ ਦੀ ਟਿਕਟ ਵੀ ਜਲਦ ਕਨਫਰਮ ਹੋ ਸਕੇਗੀ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਟਿਕਟ ਇੰਸਪੈਕਟਰਾਂ ਨੂੰ ਇਕ ਟੈਬਲੇਟ ਦੇਣ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਉਹ ਚੱਲਦੀ ਟਰੇਨ 'ਚ ਸੀਟਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਦੇਖ ਸਕਣਗੇ। ਰੇਲਵੇ ਨੇ ਕਿਹਾ ਹੈ ਕਿ ਜਿਨ੍ਹਾਂ ਮੁਸਾਫਰਾਂ ਦਾ ਨਾਮ ਉਡੀਕ ਲਿਸਟ 'ਚ ਹੋਵੇਗਾ ਉਨ੍ਹਾਂ ਦੀ ਟਿਕਟ ਜਲਦ ਕਨਫਰਮ ਹੋ ਸਕੇਗੀ। ਰੇਲਵੇ ਟੀ. ਸੀ. ਨੂੰ ਇਕ ਟੈਬਲੇਟ ਉਪਲੱਬਧ ਕਰਵਾਉਣ ਵਾਲਾ ਹੈ, ਜਿਸ 'ਚ ਟਿਕਟ ਰੱਦ ਕਰਵਾਉਣ ਵਾਲਿਆਂ ਦੀ ਤਾਜ਼ਾ ਜਾਣਕਾਰੀ ਹੋਵੇਗੀ। ਜਿਵੇਂ ਹੀ ਕੋਈ ਵਿਅਕਤੀ ਆਪਣੀ ਟਿਕਟ ਰੱਦ ਕਰਾਏਗਾ ਤਾਂ ਲਾਈਨ 'ਚ ਲੱਗੇ ਅਗਲੇ ਵਿਅਕਤੀ ਦੀ ਵੇਟਿੰਗ ਜਾਂ ਆਰ. ਏ. ਸੀ. ਟਿਕਟ ਕਨਫਰਮ ਹੋ ਜਾਵੇਗੀ। ਇਹ ਸੁਵਿਧਾ ਜਲਦ ਹੀ ਟਰੇਨਾਂ 'ਚ ਲਾਗੂ ਕੀਤੀ ਜਾਵੇਗੀ।

ਰੇਲਵੇ ਇਹ ਸੁਵਿਧਾ ਸ਼ਤਾਬਦੀ ਅਤੇ ਰਾਜਧਾਨੀ ਟਰੇਨਾਂ 'ਚ ਸ਼ੁਰੂ ਕਰਵਾਏਗਾ। ਟਰੇਨ ਜਿਸ ਸਟੇਸ਼ਨ ਤੋਂ ਚੱਲ ਰਹੀ ਹੈ, ਉਸ ਨੂੰ ਛੱਡਣ ਮਗਰੋਂ ਯਾਤਰਾ ਦੌਰਾਨ ਜੇਕਰ ਕੋਈ ਸੀਟ ਖਾਲੀ ਰਹੀ ਤਾਂ ਉਸ ਦੀ ਜਾਣਕਾਰੀ ਟੀ. ਸੀ. ਨੂੰ ਤੁਰੰਤ ਮਿਲੇਗੀ। ਮੌਜੂਦਾ ਸਮੇਂ ਸੀਟਾਂ ਦੀ ਬੁਕਿੰਗ ਦਾ ਚਾਰਟ ਟਰੇਨ ਚੱਲਣ ਦੇ ਚਾਰ ਘੰਟੇ ਪਹਿਲਾਂ ਬਣ ਕੇ ਤਿਆਰ ਹੋ ਜਾਂਦਾ ਹੈ। ਇਸ ਦੇ ਬਾਅਦ ਜੇਕਰ ਕੋਈ ਵਿਅਕਤੀ ਆਪਣੀ ਟਿਕਟ ਰੱਦ ਕਰਵਾਉਂਦਾ ਹੈ, ਤਾਂ ਉਸ ਦੀ ਜਾਣਕਾਰੀ ਟੀ. ਸੀ. ਨੂੰ ਤੁਰੰਤ ਨਹੀਂ ਪਹੁੰਚਦੀ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਜਿਵੇਂ ਹੀ ਟਿਕਟ ਰੱਦ ਹੋਵੇਗੀ, ਉਸ ਦੀ ਜਾਣਕਾਰੀ ਤੁਰੰਤ ਟੀ. ਸੀ. ਕੋਲ ਮੌਜੂਦ ਟੈਬਲੇਟ 'ਤੇ ਮਿਲ ਜਾਵੇਗੀ।
ਉੱਥੇ ਹੀ ਨਵੀਂ ਸੁਵਿਧਾ ਦੌਰਾਨ ਜੇਕਰ ਕੋਈ ਵਿਅਕਤੀ ਟਰੇਨ 'ਚ ਨਹੀਂ ਚੜ੍ਹਿਆ ਅਤੇ ਉਸ ਨੇ ਟਿਕਟ ਵੀ ਰੱਦ ਨਹੀਂ ਕਰਵਾਈ ਤਾਂ ਅਗਲੇ ਵੇਟਿੰਗ ਵਾਲੇ ਵਿਅਕਤੀ ਨੂੰ ਜਗ੍ਹਾ ਦੇਣਾ ਟੀ. ਸੀ. ਦੀ ਜਿੰਮੇਵਾਰੀ ਹੋਵੇਗੀ। ਸੀਟ ਨੰਬਰ ਦੇ ਹਿਸਾਬ ਨਾਲ ਹੀ ਜਗ੍ਹਾ ਮਿਲੇਗੀ ਪਰ ਸੀਟ ਦੇਣ ਤੋਂ ਪਹਿਲਾਂ ਟੀ. ਸੀ. ਨੂੰ ਪੂਰੀ ਤਰ੍ਹਾਂ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇਗੀ ਕਿ ਬੁਕਿੰਗ ਕਰਵਾਉਣ ਵਾਲਾ ਸਫਰ ਨਹੀਂ ਕਰੇਗਾ।


Related News