ਆਟੋ ਸੈਕਟਰ ਲਈ ਖੁਸ਼ਖਬਰੀ, ਦਸੰਬਰ ’ਚ ਵਧੀ ਕਾਰਾਂ ਦੀ ਵਿਕਰੀ

01/02/2020 1:40:21 AM

ਨਵੀਂ ਦਿੱਲੀ (ਭਾਸ਼ਾ)-ਕਈ ਮਹੀਨਿਆਂ ਤੋਂ ਸੁਸਤ ਪੈ ਰਹੇ ਆਟੋ ਸੈਕਟਰ ਲਈ ਸਾਲ 2019 ਦਾ ਆਖਰੀ ਮਹੀਨਾ ਖੁਸ਼ੀਆਂ ਲੈ ਕੇ ਆਇਆ। ਦਸੰਬਰ ’ਚ ਮਾਰੂਤੀ, ਮਹਿੰਦਰਾ ਅਤੇ ਐੱਮ. ਜੀ. ਮੋਟਰਸ ਦੀਆਂ ਕਾਰਾਂ ਦੀ ਵਿਕਰੀ ’ਚ ਉਛਾਲ ਆਇਆ।

ਮਹਿੰਦਰਾ ਦੀ ਘਰੇਲੂ ਵਾਹਨ ਵਿਕਰੀ ਦਸੰਬਰ ’ਚ ਜਿਥੇ ਇਕ ਫੀਸਦੀ ਵਧੀ ਤਾਂ ਉਥੇ ਹੀ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਘਰੇਲੂ ਬਾਜ਼ਾਰ ’ਚ ਕਾਰ ਵਿਕਰੀ ’ਚ 2.4 ਫੀਸਦੀ ਦਾ ਵਾਧਾ ਹੋਇਆ। ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਕੁਲ ਵਿਕਰੀ 9.9 ਫੀਸਦੀ ਡਿੱਗ ਕੇ 50,135 ਵਾਹਨ ਰਹੀ। ਉਥੇ ਹੀ ਇਕ ਸਾਲ ਪਹਿਲਾਂ ਇਸੇ ਮਹੀਨੇ ਕੰਪਨੀ ਨੇ 55,638 ਵਾਹਨਾਂ ਦੀ ਵਿਕਰੀ ਕੀਤੀ ਸੀ। ਐੱਮ. ਜੀ. ਮੋਟਰਸ ਇੰਡੀਆ ਨੇ ਦਸੰਬਰ ਮਹੀਨੇ ’ਚ ਹੈਕਟਰ ਦੀ 3,021 ਇਕਾਈਆਂ ਦੀ ਪ੍ਰਚੂਨ ਵਿਕਰੀ ਕੀਤੀ ਹੈ।

ਮਹਿੰਦਰਾ ਐਂਡ ਮਹਿੰਦਰਾ ਦਾ ਹਾਲ
ਘਰੇਲੂ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਘਰੇਲੂ ਬਾਜ਼ਾਰ ’ਚ ਵਾਹਨ ਵਿਕਰੀ ਦਸੰਬਰ ਮਹੀਨੇ ’ਚ 1 ਫੀਸਦੀ ਵਧੀ ਹੈ। ਯਾਤਰੀ ਅਤੇ ਯੂਟੀਲਿਟੀ ਵਾਹਨਾਂ ਦੀ ਵਧੀ ਵਿਕਰੀ ਨੇ ਕੰਪਨੀ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ ਆਈ ਗਿਰਾਵਟ ਦੇ ਪ੍ਰਭਾਵ ਨੂੰ ਘੱਟ ਕਰ ਦਿੱਤਾ। ਮਹਿੰਦਰਾ ਨੇ ਕਿਹਾ ਕਿ ਦਸੰਬਰ 2019 ’ਚ ਉਸ ਦੀ ਘਰੇਲੂ ਬਾਜ਼ਾਰ ’ਚ ਵਾਹਨ ਵਿਕਰੀ ਵਧ ਕੇ 37,081 ਇਕਾਈਆਂ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸ ਮਹੀਨੇ ’ਚ ਉਸ ਨੇ 36,690 ਵਾਹਨ ਵੇਚੇ ਸਨ। ਇਸ ਦੌਰਾਨ ਯਾਤਰੀ ਵਾਹਨਾਂ ਦੀ ਵਿਕਰੀ 4 ਫੀਸਦੀ ਵਧ ਕੇ 15,691 ਇਕਾਈਆਂ, ਜਦੋਂਕਿ ਯੂਟੀਲਿਟੀ ਵਾਹਨਾਂ ਦੀ ਵਿਕਰੀ 10 ਫੀਸਦੀ ਵਧ ਕੇ 15,225 ਇਕਾਈਆਂ ’ਤੇ ਪਹੁੰਚ ਗਈ। ਹਾਲਾਂਕਿ ਅਰਥਵਿਵਸਥਾ ’ਚ ਸੁਸਤੀ ਅਤੇ ਦਿਹਾਤੀ ਖਪਤ ਘੱਟ ਹੋਣ ਨਾਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ 5 ਫੀਸਦੀ ਡਿੱਗ ਗਈ। ਟਰੈਕਟਰ ਵਿਕਰੀ 3 ਫੀਸਦੀ ਵਧ ਕੇ 17,900 ਇਕਾਈਆਂ ’ਤੇ ਪਹੰੁਚ ਗਈ।

ਮਾਰੂਤੀ ਨੇ ਵੇਚੀਆਂ 1,24,375 ਕਾਰਾਂ
ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਘਰੇਲੂ ਬਾਜ਼ਾਰ ’ਚ ਕਾਰ ਵਿਕਰੀ ਦਸੰਬਰ ਮਹੀਨੇ ’ਚ 2.4 ਫੀਸਦੀ ਵਧੀ। ਇਸ ਦੀ ਵਜ੍ਹਾ ਨਵੀਂ ਵੈਗਨ ਆਰ ਵਰਗੀ ਕੰਪੈਕਟ ਸ਼੍ਰੇਣੀ ਦੀਆਂ ਕਾਰਾਂ ਦੀ ਮੰਗ ’ਚ ਵਾਧਾ ਰਿਹਾ। ਮਾਰੂਤੀ ਸੁਜ਼ੂਕੀ ਨੇ ਦੱਸਿਆ ਕਿ ਦਸੰਬਰ ਮਹੀਨੇ ’ਚ ਉਸ ਨੇ ਘਰੇਲੂ ਬਾਜ਼ਾਰ ’ਚ 124,375 ਵਾਹਨਾਂ ਦੀ ਵਿਕਰੀ ਕੀਤੀ ਹੈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 121,479 ਇਕਾਈਆਂ ’ਤੇ ਸੀ। ਬਰਾਮਦ ਅਤੇ ਹੋਰ ਅਸਲੀ ਉਪਕਰਨ ਵਿਨਿਰਮਾਤਾ (ਓ. ਈ. ਐੱਮ.) ਨੂੰ ਮਿਲਾ ਕੇ ਕੰਪਨੀ ਦੀ ਕੁਲ ਵਿਕਰੀ ਦਸੰਬਰ ’ਚ 3.3 ਫੀਸਦੀ ਵਧ ਕੇ 1,33,296 ਵਾਹਨਾਂ ’ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਆਲਟੋ ਸਮੇਤ ਮਿੰਨੀ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ 13.6 ਫੀਸਦੀ ਡਿੱਗ ਕੇ 23,883 ਇਕਾਈਆਂ ’ਤੇ ਆ ਗਈ। ਹਾਲਾਂਕਿ ਨਵੀਂ ਵੈਗਨ ਆਰ, ਸਵਿਫਟ, ਸਲੇਰੀਓ ਅਤੇ ਡਿਜ਼ਾਇਰ ਸਮੇਤ ਕੰਪੈਕਟ ਸ਼੍ਰੇਣੀ ਦੀ ਵਿਕਰੀ ਕਰੀਬ 28 ਫੀਸਦੀ ਵਧ ਕੇ 65,673 ਇਕਾਈਆਂ ’ਤੇ ਪਹੁੰਚ ਗਈ।


Karan Kumar

Content Editor

Related News