ਸੋਨਾ 34,400 ਦੇ ਪਾਰ, ਚਾਂਦੀ 100 ਰੁਪਏ ਹੋਈ ਸਸਤੀ
Monday, Feb 04, 2019 - 03:38 PM (IST)

ਨਵੀਂ ਦਿੱਲੀ— ਸੋਮਵਾਰ ਸੋਨੇ ਦੀ ਕੀਮਤ 'ਚ ਤੇਜ਼ੀ, ਜਦੋਂ ਕਿ ਚਾਂਦੀ 'ਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 340 ਰੁਪਏ ਮਹਿੰਗਾ ਹੋ ਕੇ 34,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 100 ਰੁਪਏ ਘੱਟ ਕੇ 41,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ 'ਚ ਰਹੀ ਗਿਰਾਵਟ ਵਿਚਕਾਰ ਘਰੇਲੂ ਬਾਜ਼ਾਰ 'ਚ ਵਿਆਹਾਂ-ਸ਼ਾਦੀਆਂ ਦੀ ਮੰਗ ਆਉਣ ਨਾਲ ਸੋਨੇ ਦੀ ਕੀਮਤ ਵਧੀ। ਇਸ ਵਿਚਕਾਰ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਨਾਲ ਚਾਂਦੀ ਦੀ ਕੀਮਤ ਡਿੱਗ ਗਈ।
ਕੌਮਾਂਤਰੀ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਰ 5.83 ਡਾਲਰ ਡਿੱਗ ਕੇ 1,311.45 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 4.3 ਡਾਲਰ ਦੀ ਗਿਰਾਵਟ 'ਚ 1,317.80 ਡਾਲਰ ਪ੍ਰਤੀ ਔਂਸ 'ਤੇ ਰਿਹਾ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕਾ ਦੇ ਮਜ਼ਬੂਤ ਰੋਜ਼ਗਾਰ ਅੰਕੜਿਆਂ ਦੇ ਦਮ 'ਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਮਜਬੂਤ ਹੋਣ ਅਤੇ ਸੋਨੇ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ 'ਚ ਇਕ ਹਫਤੇ ਦੀ ਛੁੱਟੀ ਕਾਰਨ ਮੰਗ ਕਮਜ਼ੋਰ ਹੋਈ। ਇਸ ਦੇ ਇਲਾਵਾ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਮੁੱਦੇ ਹਲ ਹੋਣ ਦੀ ਸੰਭਾਵਨਾ ਨਾਲ ਨਿਵੇਸ਼ਕਾਂ ਦਾ ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਘਟਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਵੀ 0.05 ਡਾਲਰ ਡਿੱਗ ਕੇ 15.78 ਡਾਲਰ ਪ੍ਰਤੀ ਔਂਸ 'ਤੇ ਆ ਗਈ।