ਸੋਨਾ 11 ਦਿਨਾਂ ’ਚ 6000 ਰੁਪਏ ਫਿਸਲਿਆ, ਚਾਂਦੀ, ਕਰੂਡ ਅਤੇ ਰੁਪਏ 'ਚ ਵੀ ਭਾਰੀ ਗਿਰਾਵਟ

Thursday, Mar 19, 2020 - 10:13 AM (IST)

ਸੋਨਾ 11 ਦਿਨਾਂ ’ਚ 6000 ਰੁਪਏ ਫਿਸਲਿਆ, ਚਾਂਦੀ, ਕਰੂਡ ਅਤੇ ਰੁਪਏ 'ਚ ਵੀ ਭਾਰੀ ਗਿਰਾਵਟ

ਨਵੀਂ ਦਿੱਲੀ — ਦੁਨੀਆਭਰ ਦੀਆਂ ਸਰਕਾਰਾਂ ਦੇ ਰਾਹਤ ਪੈਕੇਜਾਂ ਅਤੇ ਕਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਬਾਜ਼ਾਰ ’ਚ ਨਕਦੀ ਵਧਾਉਣ ਲਈ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਾਜ਼ਾਰ ’ਚ ਕਿਤੇ ਵੀ ਠਹਿਰਾਅ ਨਹੀਂ ਦਿਸ ਰਿਹਾ। ਸੁਰੱਖਿਅਤ ਨਿਵੇਸ਼ ਦਾ ਸਾਧਨ ਮੰਨੇ ਜਾਣ ਵਾਲੇ ਸੋਨਾ ਅਤੇ ਚਾਂਦੀ ਵੀ ਫਿਸਲਦੇ ਜਾ ਰਹੇ ਹਨ, ਜਦੋਂਕਿ ਆਮ ਤੌਰ ’ਤੇ ਅਨਿਸ਼ਚਿਤ ਮਾਹੌਲ ’ਚ ਲੋਕ ਸੋਨਾ-ਚਾਂਦੀ ਖਰੀਦਦੇ ਹਨ ਅਤੇ ਇਨ੍ਹਾਂ ਧਾਤੂਆਂ ਦੀ ਕੀਮਤ ਵਧਦੀ ਹੈ। ਨਿਵੇਸ਼ਕ ਇਹ ਮੰਨ ਰਹੇ ਹਨ ਕਿ ਉਨ੍ਹਾਂ ਦੀ ਨਕਦੀ ਯਾਨੀ ਰੁਪਏ-ਪੈਸੇ ਹੀ ਕਿਸੇ ਤਰ੍ਹਾਂ ਬਚ ਜਾਣ, ਤਾਂ ਇਹ ਹੀ ਉਨ੍ਹਾਂ ਲਈ ਵੱਡੀ ਗੱਲ ਹੋਵੇਗੀ।

ਪਿਛਲੇ 11 ਦਿਨਾਂ ’ਚ ਸੋਨਾ ਕਰੀਬ 6000 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋ ਚੁੱਕਾ ਹੈ। ਚਾਂਦੀ 22 ਦਿਨਾਂ ’ਚ 15,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਫਿਸਲ ਚੁੱਕੀ ਹੈ। ਕੱਚੇ ਤੇਲ ਦਾ ਭਾਅ 30 ਦਸੰਬਰ ਦੇ ਮੁਕਾਬਲੇ 56 ਫੀਸਦੀ ਤੱਕ ਡਿੱਗ ਗਿਆ ਹੈ। ਰੁਪਇਆ 15 ਜਨਵਰੀ ਤੋਂ ਹੁਣ ਤੱਕ ਡਾਲਰ ਦੇ ਮੁਕਾਬਲੇ ਕਰੀਬ 5 ਫੀਸਦੀ ਕਮਜ਼ੋਰ ਹੋ ਚੁੱਕਾ ਹੈ। ਆਮ ਤੌਰ ’ਤੇ ਜਦੋਂ ਵੀ ਅਮਰੀਕਾ ਦਾ ਫੈਡਰਲ ਰਿਜ਼ਰਵ ਆਪਣੀ ਵਿਆਜ ਦਰ ’ਚ ਕਟੌਤੀ ਕਰਦਾ ਹੈ, ਉਦੋਂ ਸੋਨੇ ’ਚ ਉਛਾਲ ਦਿਸਦਾ ਹੈ। ਸੋਮਵਾਰ ਨੂੰ ਵੀ ਫੈਡਰਲ ਰਿਜ਼ਰਵ ਨੇ ਇਸ ਮਹੀਨੇ ਦੂਜੀ ਵਾਰ ਐਮਰਜੈਂਸੀ ਬੈਠਕ ਕੀਤੀ ਅਤੇ ਆਪਣੀ ਵਿਆਜ ਦਰ ਨੂੰ ਘਟਾ ਕੇ ਲਗਭਗ ਜ਼ੀਰੋ ਕਰ ਦਿੱਤਾ। ਇਸ ਦੇ ਬਾਵਜੂਦ ਬੁਲੀਅਨ ’ਚ ਭਾਰੀ ਗਿਰਾਵਟ ਵੇਖੀ ਜਾ ਰਹੀ ਹੈ। ਏਂਜਲ ਬਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ-ਰਿਸਰਚ ਅਨੁਜ ਗੁਪਤਾ ਨੇ ਕਿਹਾ ਕਿ ਬਾਜ਼ਾਰ ’ਚ ਗਿਰਾਵਟ ਦਾ ਇਹ ਦੌਰ ਅਜੇ ਕੁਝ ਹੋਰ ਸਮੇਂ ਤੱਕ ਜਾਰੀ ਰਹਿ ਸਕਦਾ ਹੈ, ਇਸ ਲਈ ਛੋਟੇ ਨਿਵੇਸ਼ਕਾਂ ਨੂੰ ਇਸ ਸਮੇਂ ਬਾਜ਼ਾਰ ’ਚ ਹਮਲਾਵਰ ਟਰੇਡਿੰਗ ਕਰਨ ਤੋਂ ਬਚਣਾ ਚਾਹੀਦਾ ਹੈ।

ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ 17 ਸਾਲਾਂ ਦੇ ਹੇਠਲੇ ਪੱਧਰ ’ਤੇ

ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਕੱਚੇ ਤੇਲ ਦਾ ਭਾਅ ਕਰੀਬ 25 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਇਹ 2003 ਤੋਂ ਬਾਅਦ ਦਾ ਹੇਠਲਾ ਭਾਅ ਹੈ। ਕੋਰੋਨਾ ਵਾਇਰਸ ਸੰਕਟ ਨਾਲ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਮੰਗ ਪ੍ਰਭਾਵਿਤ ਹੋਈ ਹੈ। ਇਸ ਨਾਲ ਤੇਲ ਦੀਆਂ ਕੀਮਤਾਂ ਘਟੀਆਂ ਹਨ। ਡਬਲਯੂ. ਟੀ. ਆਈ. ਕੱਚੇ ਤੇਲ ਦੀ ਦਰ 25.08 ਡਾਲਰ ਪ੍ਰਤੀ ਬੈਰਲ ਤੱਕ ਡਿੱਗੀ ਅਤੇ ਬਾਅਦ ’ਚ ਹਲਕੇ ਸੁਧਾਰ ਨਾਲ 25.55 ਡਾਲਰ ਪ੍ਰਤੀ ਬੈਰਲ ’ਤੇ ਚੱਲ ਰਹੀ ਸੀ। ਇਹ ਮੰਗਲਵਾਰ ਦੇ ਬੰਦ ਪੱਧਰ ਤੋਂ 5.19 ਫੀਸਦੀ ਹੇਠਾਂ ਹੈ। ਬ੍ਰੇਂਟ ਨਾਰਥ ਸੀ ਕੱਚੇ ਤੇਲ ਦੀ ਕੀਮਤ 3 ਫੀਸਦੀ ਡਿੱਗ ਕੇ 27.88 ਡਾਲਰ ਪ੍ਰਤੀ ਬੈਰਲ ਰਹੀ।

ਕੋਰੋਨਾ ਵਾਇਰਸ ਦਾ ਸਭ ਤੋਂ ਸਿੱਧਾ ਅਤੇ ਮਾੜਾ ਅਸਰ ਕੱਚੇ ਤੇਲ ’ਤੇ ਦੇਖਣ ਨੂੰ ਮਿਲਿਆ। ਚੀਨ ’ਚ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਕੱਚੇ ਤੇਲ ਦੀ ਕੌਮਾਂਤਰੀ ਕੀਮਤ ’ਚ ਗਿਰਾਵਟ ਸ਼ੁਰੂ ਹੋ ਗਈ। ਬਿਜ਼ਨੈੱਸਇਨਸਾਈਡਰ ਡਾਟ ਕਾਮ ਮੁਤਾਬਕ 30 ਦਸੰਬਰ 2020 ਨੂੰ ਪ੍ਰਮੁੱਖ ਕੱਚਾ ਤੇਲ ਬਰੇਂਟ ਕਰੂਡ ਦਾ ਭਾਅ 68.60 ਡਾਲਰ ਪ੍ਰਤੀ ਬੈਰਲ ਸੀ। ਇਹ ਮੰਗਲਵਾਰ ਨੂੰ ਦੁਪਹਿਰ ਤੋਂ ਬਾਅਦ ਦੇ ਕਾਰੋਬਾਰ ’ਚ 29.62 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ, ਜੋ 56.82 ਫੀਸਦੀ ਜਾਂ 38.98 ਡਾਲਰ ਦੀ ਗਿਰਾਵਟ ਦਰਸਾਉਂਦਾ ਹੈ। ਕੋਰੋਨਾ ਵਾਇਰਸ ਦੀ ਰੋਕਥਾਮ ਦੀਅਾਂ ਕੋਸ਼ਿਸ਼ਾਂ ਤਹਿਤ ਦੁਨੀਆਭਰ ’ਚ ਹਵਾਬਾਜ਼ੀ ਸਮੇਤ ਕਈ ਕਾਰੋਬਾਰ ਠੱਪ ਪੈ ਗਏ ਹਨ। ਇਸ ਨਾਲ ਕੱਚੇ ਤੇਲ ਦੀ ਮੰਗ ਘਟ ਗਈ ਹੈ ਅਤੇ ਇਸ ਦੀ ਕੀਮਤ ’ਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ 2015 ’ਚ ਵੀ ਤੇਲ ਕੀਮਤ ’ਚ ਭਾਰੀ ਗਿਰਾਵਟ ਆਈ ਸੀ ਅਤੇ 18 ਜਨਵਰੀ 2016 ਨੂੰ ਬਰੇਂਟ ਕਰੂਡ 30.09 ਡਾਲਰ ਦੇ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ।

ਰੁਪਇਆ 15 ਜਨਵਰੀ ਤੋਂ ਬਾਅਦ 4.66 ਫੀਸਦੀ ਫਿਸਲਿਆ

ਕੋਰੋਨਾ ਵਾਇਰਸ ਨਾਲ ਮਚੇ ਹਾਹਾਕਾਰ ਵਿਚਾਲੇ ਦੇਸ਼ ਦੀ ਕਰੰਸੀ ਰੁਪਏ ’ਚ 15 ਜਨਵਰੀ ਤੋਂ ਬਾਅਦ 4.66 ਫੀਸਦੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਇਸ ਨੇ 74.50 ਦਾ ਨਵਾਂ ਹੇਠਲਾ ਪੱਧਰ ਵੀ ਛੂਹ ਲਿਆ ਪਰ ਆਰ. ਬੀ. ਆਈ. ਵੱਲੋਂ 1.5 ਅਰਬ ਡਾਲਰ ਦੀ ਵਿਕਰੀ ਕਰਨ ਤੋਂ ਬਾਅਦ ਰੁਪਇਆ ਇਤਿਹਾਸਕ ਹੇਠਲੇ ਪੱਧਰ ਤੋਂ ਉਠ ਗਿਆ। 15 ਜਨਵਰੀ 2020 ਨੂੰ ਡਾਲਰ ਦੇ ਮੁਕਾਬਲੇ ਰੁਪਇਆ 70.82 ’ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਇਹ 73.00 ਰੁਪਏ ’ਤੇ ਬੰਦ ਹੋਇਆ।

ਘੱਟ ਤੋਂ ਘੱਟ 15-20 ਦਿਨਾਂ ਤੱਕ ਬਾਜ਼ਾਰ ’ਚ ਬਣੀ ਰਹਿ ਸਕਦੀ ਹੈ ਅਨਿਸ਼ਚਿਤਤਾ ਦੀ ਸਥਿਤੀ

ਅਨੁਜ ਗੁਪਤਾ ਨੇ ਕਿਹਾ ਕਿ ਸੋਨਾ, ਚਾਂਦੀ, ਕਰੂਡ ਅਤੇ ਰੁਪਇਆ ਇਨ੍ਹਾਂ ਸਾਰਿਆਂ ਦਾ ਸਿੱਧਾ ਸਬੰਧ ਖਪਤਕਾਰ ਨਾਲ ਹੈ। ਇਸ ਸਮੇਂ ਬਾਜ਼ਾਰ ’ਚ ਖਪਤਕਾਰ ਨਹੀਂ ਹਨ, ਇਸ ਲਈ ਬਾਜ਼ਾਰ ’ਚ ਅਨਿਸ਼ਚਿਤਤਾ ਅਤੇ ਗਿਰਾਵਟ ਦਾ ਦੌਰ ਘੱਟ ਤੋਂ ਘੱਟ 15-20 ਦਿਨਾਂ ਤੱਕ ਹੋਰ ਜਾਰੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਜੋ ਰਾਹਤ ਪੈਕੇਜ ਦਿੱਤੇ ਹਨ, ਉਸ ਨਾਲ ਸਰਕਾਰਾਂ ਦਾ ਘਾਟਾ ਵਧੇਗਾ। ਇਸ ਕਾਰਣ ਦੁਨੀਆਭਰ ’ਚ ਮੰਦੀ ਦੀ ਹਾਲਤ ਹੋਰ ਵਧੇਗੀ। ਕੋਰੋਨਾ ਵਾਇਰਸ ਦਾ ਕਹਿਰ ਭਾਵੇਂ ਹੀ ਘੱਟ ਜਾਵੇ ਪਰ ਅਾਰਥਿਕ ਸੁਸਤੀ 6 ਮਹੀਨਿਆਂ ਤੋਂ ਲੈ ਕੇ ਇਕ ਸਾਲ ਤੱਕ ਿਖੱਚੀ ਜਾ ਸਕਦੀ ਹੈ। ਇਸ ਲਈ ਬਾਜ਼ਾਰ ’ਚ ਤੁਰੰਤ ਤੇਜ਼ੀ ਆਉਣ ਦੀ ਸੰਭਾਵਨਾ ਨਹੀਂ ਦਿਸ ਰਹੀ।


author

Harinder Kaur

Content Editor

Related News