ਇੰਪੋਰਟ ਡਿਊਟੀ ਵਧਣ ਨਾਲ ਮਹਿੰਗਾ ਹੋਇਆ ਸੋਨਾ , 52 ਹਜ਼ਾਰ ਦੇ ਪਾਰ ਪਹੁੰਚੀ ਕੀਮਤ

07/04/2022 3:49:28 PM

ਨਵੀਂ ਦਿੱਲੀ - ਇੰਪੋਰਟ ਡਿਊਟੀ 'ਚ ਵਾਧੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸਿਰਫ ਦੋ ਕਾਰੋਬਾਰੀ ਸੈਸ਼ਨਾਂ 'ਚ ਹੀ ਸੋਨਾ ਕਰੀਬ 1700 ਰੁਪਏ ਮਹਿੰਗਾ ਹੋ ਗਿਆ ਹੈ ਅਤੇ ਇਸ ਦੀ ਕੀਮਤ ਇਕ ਵਾਰ ਫਿਰ 52 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਅੱਜ ਸੋਨੇ ਦੀ ਫਿਊਚਰਜ਼ ਕੀਮਤ ਦੋ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।

ਮਲਟੀਕਮੋਡਿਟੀ ਐਕਸਚੇਂਜ 'ਤੇ ਅੱਜ ਸਵੇਰੇ 24 ਕੈਰੇਟ ਸ਼ੁੱਧ ਸੋਨੇ ਦੀ ਫਿਊਚਰ ਕੀਮਤ 323 ਰੁਪਏ ਵਧ ਕੇ 52,240 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਸਵੇਰੇ ਸੋਨੇ ਦਾ ਕਾਰੋਬਾਰ 52,050 ਰੁਪਏ ਪ੍ਰਤੀ 10 ਗ੍ਰਾਮ 'ਤੇ ਸ਼ੁਰੂ ਹੋਇਆ ਸੀ, ਪਰ ਸਪਲਾਈ 'ਤੇ ਅਸਰ ਪੈਣ ਕਾਰਨ ਜਲਦੀ ਹੀ ਇਸ ਨੇ ਉਛਾਲ ਦਿਖਾਉਣਾ ਸ਼ੁਰੂ ਕਰ ਦਿੱਤਾ। ਸੋਨਾ ਆਪਣੀ ਪਿਛਲੀ ਬੰਦ ਕੀਮਤ ਤੋਂ ਲਗਭਗ 0.6 ਫੀਸਦੀ ਦੀ ਛਾਲ 'ਤੇ ਕਾਰੋਬਾਰ ਕਰ ਰਿਹਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਸੋਨੇ 'ਤੇ ਦਰਾਮਦ ਡਿਊਟੀ 7.5 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ, ਜਿਸ ਦਾ ਅਸਰ ਕੀਮਤਾਂ 'ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ : ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ

ਚਾਂਦੀ ਦੀ ਚਮਕ ਵੀ ਵਧੀ 

ਪਿਛਲੇ ਕਈ ਕਾਰੋਬਾਰੀ ਸੈਸ਼ਨਾਂ ਤੋਂ ਲਗਾਤਾਰ ਡਿੱਗ ਰਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਅੱਜ ਉਛਾਲ ਆਇਆ। ਸਵੇਰੇ ਐਮਸੀਐਕਸ 'ਤੇ ਚਾਂਦੀ ਵਾਇਦਾ 58 ਰੁਪਏ ਚੜ੍ਹ ਕੇ 57,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਕੀਮਤ ਪਿਛਲੇ ਬੰਦ ਦੇ ਮੁਕਾਬਲੇ 0.10 ਫੀਸਦੀ ਵਧੀ ਹੈ। ਪਿਛਲੇ ਹਫਤੇ ਪੂਰੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦੀਆਂ ਕੀਮਤਾਂ 'ਚ ਦਬਾਅ ਦਿਖਾਈ ਦਿੱਤਾ ਅਤੇ ਇਹ 3 ਹਜ਼ਾਰ ਰੁਪਏ ਤੋਂ ਜ਼ਿਆਦਾ ਡਿੱਗ ਗਈ।

ਗਲੋਬਲ ਬਾਜ਼ਾਰ 'ਚ ਦਬਾਅ 'ਚ ਹਨ  ਸਾਰੀਆਂ ਧਾਤਾਂ 

ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ ਨਾਲ ਸਾਰੀਆਂ ਕੀਮਤੀ ਧਾਤਾਂ ਦਬਾਅ 'ਚ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 0.03 ਫੀਸਦੀ ਘੱਟ ਕੇ 1,812.40 ਡਾਲਰ ਪ੍ਰਤੀ ਔਂਸ 'ਤੇ ਰਹੀ। ਇਸੇ ਤਰ੍ਹਾਂ ਚਾਂਦੀ ਦੀ ਹਾਜ਼ਰੀ ਕੀਮਤ 19.86 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ, ਜੋ ਪਿਛਲੀ ਬੰਦ ਕੀਮਤ ਨਾਲੋਂ 0.25 ਫੀਸਦੀ ਘੱਟ ਹੈ। ਪਲੈਟੀਨਮ ਦੀ ਸਪਾਟ ਕੀਮਤ 886 ਡਾਲਰ ਹੈ, ਜੋ ਪਿਛਲੀ ਬੰਦ ਕੀਮਤ ਨਾਲੋਂ 0.56 ਪ੍ਰਤੀਸ਼ਤ ਘੱਟ ਹੈ। ਇਸ ਤੋਂ ਇਲਾਵਾ ਪੈਲੇਡੀਅਮ ਦੀ ਸਪਾਟ ਕੀਮਤ 1,860 'ਤੇ ਪਿਛਲੀ ਬੰਦ ਕੀਮਤ ਤੋਂ 1.17 ਫੀਸਦੀ ਡਿੱਗ ਗਈ।

ਇਹ ਵੀ ਪੜ੍ਹੋ : ਦਵਾਈਆਂ 'ਤੇ ਸਰਕਾਰ ਦਾ ਵੱਡਾ ਫੈਸਲਾ, NPPA ਨੇ 84 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News