ਸੋਨੇ 'ਚ ਲਗਾਤਾਰ ਤੀਜੇ ਦਿਨ ਉਛਾਲ, ਰਿਕਾਰਡ ਤੋਂ ਹੁਣ ਵੀ 8,000 ਰੁ: ਸਸਤਾ

Tuesday, Feb 09, 2021 - 12:30 PM (IST)

ਸੋਨੇ 'ਚ ਲਗਾਤਾਰ ਤੀਜੇ ਦਿਨ ਉਛਾਲ, ਰਿਕਾਰਡ ਤੋਂ ਹੁਣ ਵੀ 8,000 ਰੁ: ਸਸਤਾ

ਨਵੀਂ ਦਿੱਲੀ- ਵਿਸ਼ਵ ਦੇ ਬਾਜ਼ਾਰਾਂ ਵਿਚ ਤੇਜ਼ੀ ਦੇ ਰੁਖ਼ ਦੇ ਮੱਦੇਨਜ਼ਰ ਭਾਰਤ ਵਿਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਉਛਾਲ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਕੀਮਤ 0.4 ਫ਼ੀਸਦੀ ਚੜ੍ਹ ਕੇ 48,038 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਉੱਥੇ ਹੀ, ਚਾਂਦੀ ਵੀ ਇਸ ਦੌਰਾਨ 0.2 ਫ਼ੀਸਦੀ ਵੱਧ ਕੇ 70,229 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਇਹ ਲਗਾਤਾਰ ਤੀਜੇ ਦਿਨ ਤੇਜ਼ੀ ਦਾ ਰੁਖ਼ ਹੈ। ਹਾਲਾਂਕਿ, ਪਿਛਲੇ ਸਾਲ ਦੇ 56,200 ਰੁਪਏ ਦੇ ਰਿਕਾਰਡ ਉੱਚ ਪੱਧਰ ਤੋਂ ਸੋਨਾ ਹੁਣ ਵੀ 8,000 ਰੁਪਏ ਸਸਤਾ ਚੱਲ ਰਿਹਾ ਹੈ।

ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 0.6 ਫ਼ੀਸਦੀ ਦੇ ਉਛਾਲ ਨਾਲ 1,840.79 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ ਤੀਜੇ ਦਿਨ ਚੜ੍ਹੀ ਹੈ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਬਾਈਡੇਨ ਦੇ 1.9 ਲੱਖ ਕਰੋੜ ਡਾਲਰ ਦੇ ਰਾਹਤ ਪੈਕੇਜ ਨੂੰ ਸੰਸਦ ਦੀ ਮਨਜ਼ੂਰੀ ਮਿਲ ਸਕਦੀ ਹੈ। ਉੱਥੇ ਹੀ, ਟੈਸਲਾ ਵੱਲੋਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਵਿਚ 1.5 ਬਿਲੀਅਨ ਦੇ ਨਿਵੇਸ਼ ਦੀ ਘੋਸ਼ਣਾ ਤੋਂ ਬਾਅਦ ਸੋਨੇ ਦੇ ਵਪਾਰੀ ਬਿਟਕੁਆਇਨ ਦੀਆਂ ਕੀਮਤਾਂ ਵਿਚ ਤੇਜ਼ੀ ਵੱਲ ਵੀ ਵੇਖ ਰਹੇ ਹਨ। ਟੈਸਲਾ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀਆਂ ਇਲੈਕਟ੍ਰਿਕ ਕਾਰਾਂ ਦੇ ਭੁਗਤਾਨ ਦੇ ਰੂਪ ਵਿਚ ਡਿਜੀਟਲ ਟੋਕਨ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਸਕਦਾ ਹੈ।


author

Sanjeev

Content Editor

Related News