ਸੋਨਾ 4 ਮਹੀਨੇ ਦੇ ਉੱਚੇ ਪੱਧਰ 'ਤੇ ਪੁੱਜਾ, ਚਾਂਦੀ ਵੀ 71 ਹਜ਼ਾਰ ਰੁ: ਤੋਂ ਹੋਈ ਪਾਰ

Monday, May 24, 2021 - 10:41 AM (IST)

ਸੋਨਾ 4 ਮਹੀਨੇ ਦੇ ਉੱਚੇ ਪੱਧਰ 'ਤੇ ਪੁੱਜਾ, ਚਾਂਦੀ ਵੀ 71 ਹਜ਼ਾਰ ਰੁ: ਤੋਂ ਹੋਈ ਪਾਰ

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਤੇਜ਼ੀ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰਾਂ ਵਿਚ ਸੋਨੇ-ਚਾਂਦੀ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸਵੇਰੇ ਤਕਰੀਬਨ 10 ਵਜੇ ਸੋਨਾ 0.27 ਫ਼ੀਸਦੀ ਦੀ ਤੇਜ਼ੀ ਨਾਲ 48,535 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ ਵੀ 0.5 ਫ਼ੀਸਦੀ ਦੀ ਛਲਾਂਗ ਨਾਲ 71,440 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਸੋਨੇ ਵਿਚ 0.22 ਫ਼ੀਸਦੀ, ਜਦੋਂ ਕਿ ਚਾਂਦੀ ਵਿਚ 1.7 ਫ਼ੀਸਦੀ ਗਿਰਾਵਟ ਆਈ ਸੀ। ਕ੍ਰਿਪਟੋਕਰੰਸੀਜ਼ ਵਿਚ ਗਿਰਾਵਟ ਦੇ ਮੱਦੇਨਜ਼ਰ ਕੌਮਾਂਤਰੀ ਬਾਜ਼ਾਰ ਵਿਚ ਸੋਨਾ 4 ਮਹੀਨਿਆਂ ਦੀ ਉਚਾਈ 'ਤੇ ਹੈ।

ਨਿਵੇਸ਼ਕ ਕ੍ਰਿਪਟੋਕਰੰਸੀ ਵਿਚੋਂ ਪੈਸਾ ਕੱਢ ਕੇ ਸੋਨੇ ਵਿਚ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਆਈ ਹੈ। ਡਾਲਰ ਦੇ ਕਮਜ਼ੋਰ ਹੋਣ ਅਤੇ ਮਹਿੰਗਾਈ ਦੀ ਚਿੰਤਾ ਕਾਰਨ ਵੀ ਸੋਨੇ ਦੀ ਮੰਗ ਚੜ੍ਹੀ ਹੈ। 

ਗਲੋਬਲ ਪੱਧਰ 'ਤੇ ਸੋਨਾ 8 ਡਾਲਰ ਯਾਨੀ 0.43 ਫ਼ੀਸਦੀ ਦੇ ਵਾਧੇ ਨਾਲ 1,884.70 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰ ਰਿਹਾ ਸੀ, ਜਦੋਂ ਕਿ ਚਾਂਦੀ ਹਲਕੀ ਤੇਜ਼ੀ ਨਾਲ 27.76 ਡਾਲਰ ਪ੍ਰਤੀ ਔਂਸ 'ਤੇ ਸੀ। ਬਹੁਮੁੱਲੀ ਧਾਤਾਂ ਵਿਚੋਂ ਪਲੈਟੀਨਮ ਵੀ 0.6 ਫ਼ੀਸਦੀ ਦੀ ਮਜਬੂਤੀ ਨਾਲ 1,173.03 ਡਾਲਰ ਪ੍ਰਤੀ ਔਂਸ 'ਤੇ ਸੀ।

ਇਹ ਵੀ ਪੜ੍ਹੋ- ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ

ਉੱਥੇ ਹੀ, ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਵਧਣ ਨਾਲ ਵੀ ਕੀਮਤਾਂ ਨੂੰ ਸਮਰਥਨ ਮਿਲਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਗੋਲਡ ਟ੍ਰੇਡਡ ਐਕਸਚੇਂਜ ਫੰਡ ਵਿਚ ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਸ਼ੁੱਕਰਵਾਰ ਨੂੰ 0.6 ਫ਼ੀਸਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚੀਨ ਵਿਚ ਬਿਟਕੁਆਇਨ ਦੀ ਮਾਈਨਿੰਗ ਤੇ ਟ੍ਰੇਡਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਵਿਚਕਾਰ ਪਿਛਲੇ ਹਫ਼ਤੇ ਇਹ ਕ੍ਰਿਪਟੋਕਰੰਸੀ ਤੇਜ਼ੀ ਨਾਲ ਡਿੱਗੀ ਹੈ ਅਤੇ ਸਾਲ ਦੇ ਉੱਚ ਪੱਧਰ ਤੋਂ ਤਕਰੀਬਨ 50 ਫ਼ੀਸਦੀ ਹੇਠਾਂ ਆ ਗਈ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਸੋਨੇ ਦਾ ਰੁਖ਼ ਕੀਤਾ ਹੈ। ਉੱਥੇ ਹੀ, ਇਸ ਵਿਚਕਾਰ ਰਿਜ਼ਰਵ ਬੈਂਕ ਨੇ ਸਾਵਰੇਨ ਗੋਲਡ ਬਾਂਡ ਦੀ ਦੂਜੀ ਕਿਸ਼ਤ ਵਿਚ ਸੋਨੇ ਦੀ ਕੀਮਤ 4,842 ਰੁਪਏ ਪ੍ਰਤੀ ਗ੍ਰਾਮ ਰੱਖੀ ਹੈ।

ਇਹ ਵੀ ਪੜ੍ਹੋ- Bitcoin 'ਚ ਤੇਜ਼ ਗਿਰਾਵਟ, 32 ਹਜ਼ਾਰ ਡਾਲਰ ਤੋਂ ਥੱਲ੍ਹੇ ਡਿੱਗਾ, ਨਿਵੇਸ਼ਕ ਡੁੱਬੇ!

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


author

Sanjeev

Content Editor

Related News